ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਸ ਦਾ ਅਜੇ ਤੱਕ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ। ਹੁਣ ਇੱਕ ਹੋਰ ਨਵਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦਰਅਸਲ ਲੁਧਿਆਣਾ ਦੇ ਦਸਮੇਸ਼ ਨਗਰ ਇਲਾਕੇ ਵਿੱਚ ਬੀਤੀ ਸ਼ਾਮ ਨੂੰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਸਖਸ਼ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਮੁਤਾਬਕ ਸਖਸ਼ ਨੇ ਬੀੜ ਸਾਹਿਬ ਤੋਂ ਰੁਮਾਲ ਉਤਾਰ ਕੇ ਸੁੱਟ ਦਿੱਤਾ, ਜਿਸ ਮਗਰੋਂ ਮੌਕੇ ‘ਤੇ ਹੀ ਗ੍ਰੰਥੀ ਸਿੰਘ ਨੇ ਉਸ ਨੂੰ ਫੜ੍ਹ ਲਿਆ। ਮੁਲਜ਼ਮ ਨੇ ਹਾਲੇ ਰੁਮਾਲਾ ਸਾਹਿਬ ਚੁੱਕ ਕੇ ਸੁੱਟਣੇ ਸ਼ੁਰੂ ਹੀ ਕੀਤੇ ਸੀ ਕਿ ਉਸੇ ਵੇਲੇ ਉਸ ਨੂੰ ਕਾਬੂ ਕਰ ਲਿਆ ਗਿਆ। ਲੋਕਾਂ ਨੇ ਦੱਸਿਆ ਕਿ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਤੇ ਉਸ ਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਹਨ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗੁਰਦੁਆਰਾ ਵਿਸ਼ਵਕਰਮਾ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮੁਲਜ਼ਮ ਵੀ ਦਸਮੇਸ਼ ਨਗਰ ਇਲਾਕੇ ਦਾ ਹੀ ਰਹਿਣ ਵਾਲਾ ਹੈ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਉੱਧਰ, ਮੌਕੇ ‘ਤੇ ਪਹੁੰਚੇ ਏਸੀਪੀ ਰਣਧੀਰ ਸਿੰਘ ਨੇ ਦੱਸਿਆ ਕਿ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੀ ਬਿਮਾਰੀ ਹੈ, ਇਸ ਸਬੰਧੀ ਡਾਕਟਰ ਕੋਲੋਂ ਚੈੱਕ ਕਰਵਾ ਲਿਆ ਜਾਵੇਗਾ।
ਇਹ ਵੀ ਦੇਖੋ : ਨੌਜਵਾਨ ਨੂੰ ਪੰਜ ਸਾਲਾਂ ਤੋਂ ਸੰਗਲਾਂ ‘ਚ ਬੰਨ ਕਰਾਉਂਦੇ ਸੀ ਮਜ਼ਦੂਰੀ, ਜਦ ਪੁਲਿਸ ਨੇ ਮਾਰਿਆ ਛਾਪਾ ….