ਬਜਾਜ ਪਲਸਰ ਨੂੰ ਪਸੰਦ ਕਰਨ ਵਾਲੇ ਬਾਈਕ ਪ੍ਰੇਮੀਆਂ ਲਈ ਬੁਰੀ ਖਬਰ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਨੇ ਆਪਣੀ ਮਸ਼ਹੂਰ ਬਾਈਕ ਪਲਸਰ 220ਐੱਫ ਨੂੰ ਬੰਦ ਕਰ ਦਿੱਤਾ ਹੈ। ਸਾਲ 2007 ‘ਚ ਲਾਂਚ ਹੋਈ ਇਸ ਬਾਈਕ ਨੂੰ ਗਾਹਕਾਂ ਦਾ ਕਾਫੀ ਪਿਆਰ ਮਿਲਿਆ। ਇਹੀ ਕਾਰਨ ਹੈ ਕਿ ਵਿਕਰੀ ਦੇ ਮਾਮਲੇ ਵਿੱਚ ਇਸ ਦਾ ਪ੍ਰਦਰਸ਼ਨ ਹਮੇਸ਼ਾ ਸ਼ਾਨਦਾਰ ਰਿਹਾ ਹੈ। ਇਹ ਬਾਈਕ ਘੱਟ ਕੀਮਤ ‘ਤੇ ਸਪੋਰਟਸ ਬਾਈਕ ਦਾ ਅਹਿਸਾਸ ਦਿੰਦੀ ਸੀ। ਕੰਪਨੀ ਨੇ ਇਸ ਸਾਲ ਸਤੰਬਰ ‘ਚ 4,108 ਯੂਨਿਟਸ ਦੀ ਵਿਕਰੀ ਕੀਤੀ ਸੀ। ਸਿੰਗਲ ਵੇਰੀਐਂਟ ‘ਚ ਆਉਣ ਵਾਲੀ ਇਸ ਬਾਈਕ ਦੀ ਕੀਮਤ ਫਿਲਹਾਲ 1.34 ਲੱਖ ਰੁਪਏ (ਐਕਸ-ਸ਼ੋਰੂਮ) ਹੈ।
ਕੰਪਨੀ ਦੀ ਇਸ ਬਾਈਕ ਨੇ 15 ਸਾਲ ਤੱਕ ਮਾਰਕੀਟ ‘ਚ ਰਾਜ ਕੀਤਾ। ਹਾਲਾਂਕਿ ਹੁਣ ਕੰਪਨੀ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਪਲਸਰ 220ਐੱਫ ਨੂੰ ਹਾਲ ਹੀ ਵਿੱਚ ਲਾਂਚ ਕੀਤੇ ਪਲਸਰ ਐੱਨ250 ਅਤੇ ਐੱਫ250 ਨਾਲ ਬਦਲਣ ਜਾ ਰਹੀ ਹੈ।
ਰਿਪੋਰਟ ਅਨੁਸਾਰ ਬਜਾਜ ਨੇ ਪਲਸਰ 220ਐੱਫ ਦਾ ਉਤਪਾਦਨ ਬੰਦ ਕਰ ਦਿੱਤਾ ਹੈ ਅਤੇ ਇਸਦਾ ਆਖਰੀ ਬੈਚ ਵਿਕਰੀ ਲਈ ਸ਼ੋਅਰੂਮਾਂ ਵਿੱਚ ਮੌਜੂਦ ਹੈ। ਬਾਈਕ ‘ਚ 220 ਸੀਸੀ ਏਅਰ/ਆਇਲ ਕੂਲਡ, 2-ਵਾਲਵ ਸਿੰਗਲ ਸਿਲੰਡਰ ਇੰਜਣ ਲੱਗਾ ਹੋਇਆ ਹੈ। ਇਹ ਬਾਈਕ 8500rpm ‘ਤੇ 20.1 bhp ਦੀ ਪਾਵਰ ਅਤੇ 7000rpm ‘ਤੇ 18.55Nm ਦਾ ਟਾਰਕ ਪੈਦਾ ਕਰਦੀ ਹੈ। 5-ਸਪੀਡ ਗਿਅਰਬਾਕਸ ਦੇ ਨਾਲ ਆਉਣ ਵਾਲੀ ਇਸ ਬਾਈਕ ਦੀ ਮਾਈਲੇਜ 40kmpl ਹੈ। ਬਾਈਕ ਦੇ ਅੱਗੇ 5-ਸਟੈਪ ਐਡਜਸਟਬਲ ਟੈਲੀਸਕੋਪਿਕ ਫੋਰਕਸ ਅਤੇ ਪਿਛਲੇ ਪਾਸੇ ਨਾਈਟਰੋਕਸ ਸ਼ੌਕ ਐਬਜ਼ੋਰਬਰਸ ਲੱਗੇ ਹਨ।
ਫਰੰਟ ਅਤੇ ਰੀਅਰ ਡਿਸਕ ਬ੍ਰੇਕ ਨਾਲ ਲੈਸ ਇਸ ਬਾਈਕ ‘ਚ ਕੰਪਨੀ ਸਿੰਗਲ ਚੈਨਲ ਏ. ਬੀ. ਐੱਸ ਵੀ ਪੇਸ਼ ਕਰਦੀ ਸੀ। ਇਸ ਤੋਂ ਇਲਾਵਾ ਬਾਈਕ ‘ਚ ਲੱਗੇ ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ, ਐੱਲ.ਈ.ਡੀ., ਡੀ.ਆਰ.ਐੱਲ. ਵਾਲੇ ਟਵਿਨ ਬੀਮ ਪ੍ਰੋਜੈਕਟਰ ਹੈੱਡਲੈਂਪਸ ਇਸ ਦੀ ਦਿੱਖ ਨੂੰ ਹੋਰ ਸ਼ਾਨਦਾਰ ਬਣਾਉਂਦੇ ਸਨ। ਕੰਪਨੀ ਹੁਣ ਪਲਸਰ 220ਐੱਫ ਦੀ ਬਜਾਏ ਪਲਸਰ ਐੱਨ250 ਅਤੇ ਐੱਫ250 ਦੀ ਪੇਸ਼ਕਸ਼ ਕਰ ਰਹੀ ਹੈ। ਐੱਨ250 ਇੱਕ ਸਟ੍ਰੀਟ ਨੇਕੇਡ ਬਾਈਕ ਹੈ ਅਤੇ ਐੱਫ250 ਇੱਕ ਸੈਮੀ–ਫੇਅਰਡ ਸਪੋਰਟਸ ਬਾਈਕ ਹੈ। ਦੋਵਾਂ ਬਾਈਕਸ ਦੇ ਇੰਜਣ ਸਪੈਸੀਫਿਕੇਸ਼ਨ ਅਤੇ ਰਨਿੰਗ ਗਿਅਰਸ ਇੱਕੋ ਜਿਹੇ ਹਨ।
ਵੀਡੀਓ ਲਈ ਕਲਿੱਕ ਕਰੋ -: