ਬਠਿੰਡਾ ਪੁਲਿਸ ਨੇ ਹਥਿਆਰਾਂ ਦੀ ਨੋਕ ‘ਤੇ ਪ੍ਰਾਇਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਨਕਦੀ ਦੀ ਲੁੱਟ-ਖੋਹ ਕਰਨ ਅਤੇ ਏ.ਟੀ.ਐਮ. ਮਸ਼ੀਨ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 03 ਵਿਅਕਤੀਆਂ ਨੂੰ ਹਥਿਆਰਾਂ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਹਰਸ਼ਪ੍ਰੀਤ ਸਿੰਘ ਡੀ.ਐੱਸ.ਪੀ ਭੁੱਚੋ ਨੇ ਦੱਸਿਆ ਕਿ ਇਹਨਾਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਬਠਿੰਡਾ ਪੁਲਿਸ ਦੀਆਂ ਬਠਿੰਡਾ ਅਤੇ ਪੁਲਿਸ ਚੌਂਕੀ ਭੁੱਚੋ ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਮਿਤੀ 12.03.2024 ਨੂੰ ਗਸ਼ਤ ਦੌਰਾਨ ਬਾਹੱਦ ਲਹਿਰਾ ਬੇਗਾ ਜਿਲ੍ਹਾ ਬਠਿੰਡਾ ਤੋਂ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੰਦਰ ਸਿੰਘ, ਹਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਬਲਦੇਵ ਸਿੰਘ, ਜਸਪ੍ਰੀਤ ਸਿੰਘ ਉਰਫ ਗੁਰਵਿੰਦਰ ਪੁੱਤਰ ਕੁਲਦੀਪ ਸਿੰਘ ਵਾਸੀਆਨ ਪਿੰਡ ਬਾਠ ਜਿਲ੍ਹਾ ਬਠਿੰਡਾ ਨੂੰ ਇੱਕ ਕਾਰ ਸਵਿਫਟ ਰੰਗ ਸਿਲਵਰ ਨੰਬਰੀ PB69D0392, ਇੱਕ ਮੋਟਰਸਾਇਕਲ ਸੀ.ਡੀ. ਡੀਲਕਸ ਨੰਬਰੀ PB08BJ7970, ਇੱਕ ਦੇਸੀ ਪਿਸਤੌਲ .32 ਬੋਰ ਸਮੇਤ 01 ਜਿੰਦਾ ਰੌਂਦ ਸਣੇ ਕਾਬੂ ਕੀਤਾ।
ਮੌਕੇ ‘ਤੇ ਉਹਨਾਂ ਕੋਲੋਂ ਏ.ਟੀ.ਐਮ. ਮਸ਼ੀਨ ਦੀ ਭੰਨ ਤੋੜ ਲਈ ਵਰਤੀ ਲੋਹਾ ਕਟਰ ਮਸ਼ੀਨ, ਇੱਕ ਲੋਹਾ ਆਰੀ, ਇੱਕ ਲੋਹਾ ਰਾਡ ਜਿਸ ਉੱਤੇ ਲੋਹਾ ਗਰਾਰੀ ਫਿੱਟ ਕੀਤੀ ਹੋਈ, ਇੱਕ ਕਾਪਾ ਲੋਹਾ, ਇੱਕ ਕੁਹਾੜਾ, ਇੱਕ ਐਲੂਮੀਨੀਅਮ ਪਾਈਪ ਤੋਂ ਇਲਾਵਾ ਉਕਤ ਲੁੱਟ ਖੋਹ ਦੀ ਵਾਰਦਾਤ ਵਿੱਚ ਖੋਹ ਕੀਤੀ ਨਕਦੀ ਵਿੱਚੋਂ 2000 ਰੁਪਏ ਬਰਾਮਦ ਕਰਵਾਏ ਗਏ।
ਇਹ ਵੀ ਪੜ੍ਹੋ : ਮਨਪ੍ਰੀਤ ਇਯਾਲੀ ਨੇ ਵਿਧਾਨ ਸਭਾ ‘ਚ ਚੁੱਕਿਆ 84 ਦੰਗਾ ਪੀੜਤਾਂ ਦਾ ਮੁੱਦਾ, ਇਸ ਮਸਲੇ ਵੱਲ ਖਿੱਚਿਆ ਧਿਆਨ
ਉਕਤ ਵਿਅਕਤੀਆਂ ਦੀ ਪੁੱਛਗਿੱਛ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਹਰਪ੍ਰੀਤ ਸਿੰਘ ਉਰਫ ਹੈਪੀ, ਹਰਜਿੰਦਰ ਸਿੰਘ ਉਰਫ ਜਿੰਦੂ ਨਾਲ ਜ਼ਸਪ੍ਰੀਤ ਸਿੰਘ ਉਰਫ ਗੁਰਵਿੰਦਰ ਪਿੰਡ ਬਾਠ ਜਿਲ੍ਹਾ ਬਠਿੰਡਾ ਨੇ ਪੈਸੇ ਦੀ ਲੁੱਟ ਕੀਤੀ ਸੀ। ਇਸ ਤੋਂ ਇਲਾਵਾ ਏ.ਟੀ.ਐਮ. ਲੁੱਟ ਦੀ ਵਾਰਦਾਤ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ, ਹਰਜਿੰਦਰ ਸਿੰਘ ਉਰਫ ਜਿੰਦੂ ਨਾਲ ਗੁਰਪ੍ਰੀਤ ਸਿੰਘ ਉਰਫ ਡੌਨ ਵਾਸੀ ਬਠਿੰਡਾ ਵੀ ਸ਼ਾਮਲ ਸੀ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ‘ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: