ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਮੱਖੀਆਂ ਨੇ ਆਤੰਕ ਮਚਾ ਦਿੱਤਾ। ਇਸ ਹਮਲੇ ‘ਚ ਨਾ ਸਿਰਫ ਕਈ ਮਹਿਮਾਨ ਜ਼ਖਮੀ ਹੋਏ ਸਗੋਂ ਦੋ ਮਹਿਮਾਨਾਂ ਨੂੰ ਆਈਸੀਯੂ ‘ਚ ਦਾਖਲ ਕਰਵਾਉਣਾ ਪਿਆ। ਮਿਲੀ ਜਾਣਕਾਰੀ ਮੁਤਾਬਕ ਹੋਟਲ ਦੀ ਛੱਤ ‘ਤੇ ਮੱਖੀਆਂ ਦਾ ਛੱਤਾ ਸੀ, ਜਿਸ ਨੇ ਉੱਥੇ ਮੌਜੂਦ ਲੋਕਾਂ ‘ਤੇ ਹਮਲਾ ਕਰ ਦਿੱਤਾ।
ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਇੱਕ ਮੈਰਿਜ ਗਾਰਡਨ ਵਿੱਚ ਵਿਆਹ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਮਧੂਮੱਖੀਆਂ ਨੇ ਮਹਿਮਾਨਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਹਮਲੇ ਤੋਂ ਬਚਣ ਲਈ ਲੋਕ ਇਧਰ-ਉਧਰ ਭੱਜਣ ਲੱਗੇ। ਇਸ ਘਟਨਾ ਵਿੱਚ ਲਾੜਾ-ਲਾੜੀ ਪੱਖ ਦੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਅਤੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਕਸਤੂਰੀ ਗਾਰਡਨ ਵਿੱਚ ਪੁਰਾਣੀ ਗਲਾ ਮੰਡੀ ਦੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਪ੍ਰਮੋਦ ਅਗਰਵਾਲ ਦੀ ਲੜਕੀ ਦਾ ਵਿਆਹ ਸੀ। ਇਸ ‘ਚ ਹਿੱਸਾ ਲੈਣ ਲਈ ਮਹਿਮਾਨ ਮੈਰਿਜ ਗਾਰਡਨ ‘ਚ ਪਹੁੰਚੇ ਹੋਏ ਸਨ। ਸ਼ਨੀਵਾਰ ਨੂੰ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਸਨ। ਇਸੇ ਦੌਰਾਨ ਦੁਪਹਿਰ ਵੇਲੇ ਅਚਾਨਕ ਮਧੂਮੱਖੀਆਂ ਨੇ ਵਿਆਹ ਵਿੱਚ ਆਏ ਮਹਿਮਾਨਾਂ ‘ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਪਲੇਨ ਨੂੰ ਬਣਾ ਦਿੱਤਾ ਆਲੀਸ਼ਾਨ ਵਿਲਾ, ਖੂਬੀਆਂ ਵੇਖ ਆਨੰਦ ਮਹਿੰਦਰਾ ਵੀ ਹੈਰਾਨ
ਲਾੜੀ ਦੇ ਪਿਤਾ ਪ੍ਰਮੋਦ ਅਗਰਵਾਲ ਨੇ ਦੱਸਿਆ ਕਿ ਗਾਰਡਨ ‘ਚ 20-25 ਮਧੂ-ਮੱਖੀਆਂ ਦੇ ਛੱਤੇ ਹਨ। ਗਾਰਡਨ ਸੰਚਾਲਕਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਇਸ ਨਾਲ ਕੋਈ ਘਟਨਾ ਵਾਪਰ ਸਕਦੀ ਹੈ। ਪਰ ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਹੀ ਸਾਨੂੰ ਵਿਆਹ ਕਰਨਾ ਪਵੇਗਾ। ਸ਼ਨੀਵਾਰ ਨੂੰ ਮਧੂਮੱਖੀਆਂ ਨੇ ਮਹਿਮਾਨਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਹਮਲੇ ਵਿੱਚ ਦੋਵਾਂ ਪਾਸਿਆਂ ਦੇ ਕਈ ਮਹਿਮਾਨ ਜ਼ਖ਼ਮੀ ਹੋ ਗਏ। ਚਾਰ ਮਹਿਮਾਨਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ, ਜਿਨ੍ਹਾਂ ਵਿੱਚੋਂ 2 ਅਜੇ ਵੀ ਆਈਸੀਯੂ ਵਿੱਚ ਹਨ। ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਵਿਆਹ ਦੀ ਰਸਮ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਕਰਨਗੇ।