ਲੁਧਿਆਣਾ ਦੇ ਨਿਊ ਮਾਧੋਪੁਰੀ ਇਲਾਕੇ ਵਿਚ ਸੋਮਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲੋਹੜੀ ਦੇ ਤਿਉਹਾਰ ਦੌਰਾਨ ਆਪਣੀ ਮਾਂ ਨਾਲ ਛੱਤ ‘ਤੇ ਪਤੰਗਾਂ ਉਡਦੀਆਂ ਵੇਖ ਰਹੀ 11 ਸਾਲਾ ਬੱਚੀ ਦੇ ਸਿਰ ਵਿਚ ਗੋਲੀ ਲੱਗ ਗਈ। ਗੋਲੀ ਬੱਚੀ ਦੇ ਸਿਰ ਵਿੱਚ ਜਾ ਲੱਗੀ। ਇਹ ਵੇਖ ਕੇ ਉਸ ਦੀ ਮਾਂ ਦੇ ਹੋਸ਼ ਉਡ ਗਏ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਗੋਲੀ ਕੱਢ ਦਿੱਤੀ।
ਲੜਕੀ ਦੀ ਪਛਾਣ ਨਿਊ ਮਾਧੋਪੁਰੀ ਗਲੀ ਨੰਬਰ 3 ਦੀ ਰਹਿਣ ਵਾਲੀ ਆਸ਼ਿਆਨਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਟੀਮ ਮੌਕੇ ’ਤੇ ਪੁੱਜ ਗਈ। ਪੁਲਿਸ ਲੜਕੀ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸੇ ਨੇ ਹਵਾਈ ਫਾਇਰਿੰਗ ਕੀਤੀ ਸੀ। ਇਸ ਦੇ ਨਾਲ ਹੀ ਲੜਕੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਜਦੋਂ ਖੂਨ ਵਗਣ ਲੱਗਾ ਤਾਂ ਪਤਾ ਲੱਗਾ ਕਿ ਲੜਕੀ ਨੂੰ ਗੋਲੀ ਲੱਗੀ ਸੀ।
ਲੜਕੀ ਦੇ ਪਿਤਾ ਨਾਸਿਰ ਆਲਮ ਨੇ ਦੱਸਿਆ ਕਿ ਸਾਡਾ ਪਰਿਵਾਰ ਕੱਪੜਿਆਂ ‘ਤੇ ਕਢਾਈ ਦਾ ਕੰਮ ਕਰਦਾ ਹੈ। ਸੋਮਵਾਰ ਨੂੰ ਖਾਣਾ ਖਾਣ ਮਗਰੋਂ ਉਹ ਆਪਣੀ ਮਾਂ ਨਾਲ ਪਤੰਗ ਉਡਾਉਂਦੇ ਦੇਖਣ ਲਈ ਛੱਤ ‘ਤੇ ਗਈ। 12.30 ਵਜੇ ਉਹ ਜਨਰੇਟਰ ਕੋਲ ਕਮਰੇ ਵਿੱਚੋਂ ਪਤੰਗ ਚੁੱਕਣ ਗਈ ਸੀ। ਫਿਰ ਅਚਾਨਕ ਕੋਈ ਤਿੱਖੀ ਚੀਜ਼ ਉਸਦੇ ਸਿਰ ਵਿੱਚ ਵੱਜੀ।
ਆਸ਼ਿਆਨਾ ਭੱਜਦੀ ਹੋਈ ਆਪਣੀ ਮਾਂ ਕੋਲ ਆਈ ਅਤੇ ਕਿਹਾ ਕਿ ਉਸ ਦੇ ਸਿਰ ਵਿੱਚ ਕੋਈ ਚੀਜ਼ ਵੱਜੀ ਹੈ। ਖੂਨ ਵਗਦਾ ਦੇਖ ਕੇ ਮਾਂ ਤੁਰੰਤ ਆਸ਼ਿਆਨਾ ਨੂੰ ਨਜ਼ਦੀਕੀ ਕਲੀਨਿਕ ਲੈ ਗਈ। ਡਾਕਟਰਾਂ ਨੇ ਮਾਂ ਨੂੰ ਦੱਸਿਆ ਕਿ ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਡਾਕਟਰਾਂ ਨੇ ਗੋਲੀ ਕੱਢ ਕੇ ਲੜਕੀ ਅਤੇ ਉਸ ਦੀ ਮਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲੜਕੀ ਦਾ ਇਲਾਜ ਕੀਤਾ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ਤੋਂ ਬਾਅਦ ਏਸੀਪੀ ਦਵਿੰਦਰ ਚੌਧਰੀ ਅਤੇ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨਿਊ ਸੁੰਦਰ ਨਗਰ ਪੁੱਜੇ। ਨੇੜਲੇ ਘਰਾਂ ਦੀਆਂ ਛੱਤਾਂ ਦੀ ਜਾਂਚ ਕੀਤੀ। ਪਤੰਗ ਉਡਾ ਰਹੇ ਅਤੇ ਡੀਜੇ ਵਜਾ ਰਹੇ ਨੌਜਵਾਨਾਂ ਦੀ ਵੀ ਤਲਾਸ਼ੀ ਲਈ ਗਈ ਪਰ ਪੁਲਿਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹੁਣ ਪੁਲਿਸ ਇਸ ਇਲਾਕੇ ਦੇ ਅਸਲਾ ਲਾਇਸੈਂਸ ਧਾਰਕਾਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮਹਾਕੁੰਭ ‘ਚ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਜਲੰਧਰ ਕੈਂਟ ਸਣੇ 3 ਸਟੇਸ਼ਨਾਂ ਤੋਂ ਨਿਕਲੇਗੀ ਸਪੈਸ਼ਲ ਟ੍ਰੇਨ
ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲੜਕੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਪੁਲਿਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ। ਕਈ ਛੱਤਾਂ ਨੂੰ ਖੰਗਾਲਿਆ ਵੀ ਗਿਆ ਹੈ। ਪੁਲਿਸ ਜਲਦੀ ਹੀ ਮਾਮਲੇ ਨੂੰ ਸੁਲਝਾ ਲਵੇਗੀ। ਫਿਲਹਾਲ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਲੋਕਾਂ ਨੂੰ ਤਿਉਹਾਰ ਸਾਦਗੀ ਨਾਲ ਮਨਾਉਣ ਦੀ ਅਪੀਲ ਕੀਤੀ ਜਾਂਦੀ ਹੈ। ਪੁਲਿਸ ਇਸ ਮਾਮਲੇ ‘ਚ ਮਾਮਲਾ ਦਰਜ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: