ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਸ਼ਨ (ਸੀਬੀਡੀਟੀ) ਨੇ ਉਨ੍ਹਾਂ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਨੇ ਅਜੇ ਤੱਕ ਇਨਕਮ ਟੈਕਸ ਰਿਟਰਨ ਦਾਖਲ ਨਹੀਂ ਕੀਤੀ ਹੈ।
ਸੀਬੀਡੀਟੀ ਨੇ ਦੱਸਿਆ ਕਿ ਮੁਲਾਂਕਣ ਸਾਲ 2021-22 ਲਈ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ 31 ਦਸੰਬਰ, 2021 ਤੱਕ ਵਧਾ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਹੈ, “ਮੁਲਾਂਕਣ ਸਾਲ 2021-2022 ਲਈ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ ਪਹਿਲਾਂ 31 ਜੁਲਾਈ ਸੀ। ਇਸ ਨੂੰ ਪਹਿਲਾਂ 30 ਸਤੰਬਰ ਤੱਕ ਵਧਾ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਇਹ ਸਮਾਂ ਸੀਮਾ ਵਧਾ ਕੇ 31 ਦਸੰਬਰ, 2021 ਕਰ ਦਿੱਤੀ ਗਈ ਹੈ।” ਇਸ ਦਾ ਮਤਲਬ ਹੈ ਕਿ ਹੁਣ ਤੁਸੀਂ 31 ਦਸੰਬਰ ਤੱਕ ਆਈਟੀਆਰ ਫਾਈਲ ਕਰ ਸਕਦੇ ਹੋ।
ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਟੈਕਸਦਾਤਾਵਾਂ ਨੂੰ ਨਵੇਂ ਆਈਟੀਆਰ ਪੋਰਟਲ ‘ਤੇ ਆਈਟੀਆਰ ਭਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੋਰਟਲ ਵਿੱਚ ਖਾਮੀਆਂ ਨੂੰ ਦੂਰ ਕਰਨ ਲਈ ਇਨਫੋਸਿਸ ਨੂੰ 15 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਦਰਅਸਲ, ਇਹ ਪੋਰਟਲ ਖੁਦ ਇਨਫੋਸਿਸ ਦੁਆਰਾ ਬਣਾਇਆ ਗਿਆ ਹੈ।