Boyfriend poisoned his girlfriend : ਜਲੰਧਰ ਦੇ ਪਿੰਡ ਚੱਕ ਅਰਾਈਆਂ ਵਾਲਾ ਫਲੀਆਂ ਵਾਲਾ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਪਿਤਾ ਦੇ ਨਾਲ ਮਿਲ ਕੇ ਆਪਣੀ ਪ੍ਰੇਮਿਕਾ ਨੂੰ ਪਹਿਲਾਂ ਮਾਰਣ-ਕੁੱਟਣ ਅਤੇ ਫਿਰ ਉਸ ਨੂੰ ਜ਼ਹਿਰ ਪਿਲਾ ਕੇ ਉਸ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ ਦੋਸ਼ੀ ਲੜਕੀ ਨੂੰ ਉਸ ਦੇ ਘਰ ਦੇ ਸਾਹਮਣੇ ਸੁੱਟ ਕੇ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਵੈਰੋਕੇ ਵਿੱਚ ਸ਼ੁੱਕਰਵਾਰ ਨੂੰ ਦੋਸ਼ੀ ਪਿਓ-ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਲੜਕੀ ਪ੍ਰਵੀਨ ਕੌਰ ਦੇ ਮਾਮਾ ਗੁਰਦਾਸ ਸਿੰਘ, ਮਾਮੀ ਛਲੋ ਬਾਈ ਅਤੇ ਚਾਚਾ ਨਾਨਕ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੌਰ ਤਲਾਕਸ਼ੁਦਾ ਹੈ ਅਤੇ ਉਸ ਦੀ ਤਿੰਨ ਸਾਲਾਂ ਦੀ ਧੀ ਹੈ। ਪਿਤਾ ਦੀ ਮੌਤ ਹੋਣ ਕਾਰਨ ਘਰ ਚਲਾਉਣ ਲਈ ਪ੍ਰਵੀਨ ਕੌਰ ਜਲਾਲਾਬਾਦ ਸਥਿਤ ਇਕ ਸ਼ੈਲਰ ਵਿੱਚ ਕੰਮ ਕਰਦੀ ਸੀ। ਉਥੇ ਪਿੰਡ ਸੂਰਘੁਰੀ ਦਾ ਰਹਿਣ ਵਾਲਾ ਗੁਰਦੇਵ ਸਿੰਘ ਪੁੱਤਰ ਚੰਮਣ ਸਿੰਘ ਵੀ ਕੰਮ ਕਰਦਾ ਸੀ। ਦੋਵਾਂ ਦੇ ਆਪਸ ਵਿੱਚ ਪ੍ਰੇਮ ਸੰਬੰਧ ਬਣ ਗਏ। ਗੁਰਦੇਵ ਉਸ ਨਾਲ ਵਿਆਹ ਕਰਵਾਉਣ ਦਾ ਝੂਠਾ ਵਾਅਦਾ ਕਰਦਾ ਰਿਹਾ। ਵੀਰਵਾਰ ਨੂੰ ਗੁਰਦੇਵ ਉਨ੍ਹਾਂ ਦੇ ਘਰ ਆਇਆ ਅਤੇ ਪ੍ਰਵੀਣ ਕੌਰ ਨੂੰ ਆਪਣੇ ਨਾਲ ਲੈ ਗਿਆ। ਥੋੜ੍ਹੀ ਦੇਰ ਵਿੱਚ ਗੁਰਦੇਵ ਅਤੇ ਉਸ ਦਾ ਪਿਤਾ ਚੰਮਣ ਸਿੰਘ ਘਰ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿੱਚ ਪ੍ਰਵੀਨ ਕੌਰ ਨੂੰ ਸੁੱਟ ਗਏ। ਪ੍ਰਵੀਨ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਨੂੰ ਪਿਓ-ਪੁੱਤਰ ਨੇ ਕੋਈ ਜ਼ਹਿਰੀਲੀ ਚੀਜ਼ ਪਿਲਾਈ ਹੈ। ਪਰਿਵਾਰ ਦੇ ਮੈਂਬਰ ਉਸ ਨੂੰ ਲੈ ਕੇ ਸਰਕਾਰੀ ਹਸਪਤਾਲ ਪਹੁੰਚੇ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ, ਜਿਥੇ ਉਸ ਨੇ ਦਮ ਤੋੜ ਦਿੱਤਾ।
ਉਧਰ, ਥਾਣਾ ਵੈਰੋਕੇ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਦੋਸ਼ੀ ਗੁਰਦੇਵ ਸਿੰਘ ਅਤੇ ਉਸ ਦੇ ਪਿਤਾ ਚੰਮਣ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।