Chandigarh girl came to Ludhiana : ਲੁਧਿਆਣਾ ਵਿਖੇ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਜੋਕਿ ਆਪਣੇ ਘਰੋਂ ਲੜ ਕੇ ਆਈ ਸੀ, ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਲੁਧਿਆਣੇ ਵਿਚ ਇਕ ਔਰਤ ਨੇ ਪਹਿਲਾਂ ਤਾਂ ਉਸ ਨੂੰ ਸਹਾਰਾ ਦੇਕੇ ਨਸ਼ੇ ਦੀ ਲਤ ਲਗਾਈ ਤੇ ਫਿਰ ਉਸ ਨੂੰ ਦੇਹ ਵਪਾਰ ਵਿਚ ਧੱਕ ਦਿੱਤਾ। ਕਿਸੇ ਤਰ੍ਹਾਂ ਲੜਕੀ ਉਥੋਂ ਭੱਜ ਕੇ ਮਹਿਲਾ ਹੈਲਪਲਾਈਨ ਤੱਕ ਪਹੁੰਚੀ ਤੇ ਆਪਬੀਤੀ ਦੱਸੀ ਤਾਂ ਉਸ ਨੂੰ ਉਥੋਂ ਮੁਕਤ ਕਰਵਾ ਕੇ ਉਸ ਦੇ ਪਰਿਵਾਰ ਨਾਲ ਮਿਲਵਾਇਆ ਗਿਆ। ਪੁਲਿਸ ਵੱਲੋਂ ਲੜਕੀ ਨੂੰ ਇਸ ਕੰਮ ਲਈ ਮਜਬੂਰ ਕਰਨ ਦੇ ਦੋਸ਼ ਵਿਚ ਦੋ ਔਰਤਾਂ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀਆਂ ਦੀ ਪਛਾਣ ਰਾਜਨਦੀਪ ਸਿੰਘ ਉਰਫ ਗਗਨ ਨਿਵਾਸੀ ਕੋਟ ਮੰਗਲ ਸਿੰਘ, ਆਸ਼ੀਸ਼ ਮਸੀਹ ਉਰਫ ਆਸ਼ੂ ਨਿਵਾਸੀ ਟਿੱਬਾ, ਰਮਨਦੀਪ ਕੌਰ ਉਰਫ ਸਿਮਰਨ ਨਿਵਾਸੀ ਦੁਗਰੀ ਅਤੇ ਸੁਨੀਲਾ ਰਾਣੀ ਨਿਵਾਸੀ ਟਿੱਬਾ ਰੋਡ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਸੀ-2 ਜਸਕਰਨ ਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਹ ਲੜਕੀ ਚੰਡੀਗੜ੍ਹ ਤੋਂ 10 ਸਤੰਬਰ 2019 ਨੂੰ ਆਪਣੇ ਪਰਿਵਾਰ ਨਾਲ ਲੜ ਕੇ ਮੰਡੀ ਲਾਧੁਕਾ ਦੇ ਰੇਲਵੇ ਸਟੇਸ਼ਨ ’ਤੇ ਆਈ ਸੀ, ਜਿਥੇ ਉਸ ਦੀ ਮੁਲਾਕਾਤ ਲੁਧਿਆਣਾ ਦੀ ਰਮਨਦੀਪ ਕੌਰ ਨਾਲ ਹੋਈ, ਜੋ ਉਸ ਨੂੰ ਗੱਲਾਂ ਵਿਚ ਫਸਾ ਕੇ ਆਪਣੇ ਨਾਲ ਲੈ ਆਈ ਤੇ ਹੌਲੀ-ਹੌਲੀ ਉਸ ਨੂੰ ਨਸ਼ਾ ਦੇਣਾ ਸ਼ੁਰੂ ਕਰ ਦਿੱਤਾ। ਇਕ ਦਿਨ ਰਮਨਦੀਪ ਕੌਰ ਜਦੋਂ ਕਿਤੇ ਗਈ ਹੋਈ ਸੀ ਤਾਂ ਉਸ ਦੇ ਘਰ ਆਉਣ-ਜਾਣ ਵਾਲੇ ਉਸ ਦੇ ਦੋਸਤ ਗਗਨ ਨੇ ਤਿੰਨ ਦਿਨ ਤੱਕ ਲੜਕੀ ਨਾਲ ਦਾ ਯੌਨ ਸ਼ੋਸ਼ਣ ਕੀਤਾ।
ਵਾਪਸ ਪਰਤਨ ’ਤੇ ਰਮਨਦੀਪ ਕੌਰ ਨੇ ਲੜਕੀ ਨੂੰ ਸੁਨੀਤਾ ਰਾਣੀ ਕੋਲ ਭੇਜ ਦਿੱਤਾ ਜਿਥੇ ਸੁਨੀਤਾ ਨੇ ਆਪਣੇ ਇਕ ਸਾਥੀ ਆਸ਼ੀਸ਼ ਨਾਲ ਮਿਲ ਕੇ ਉਸ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣਾ ਸ਼ੁਰੂ ਕਰ ਦਿੱਤਾ, ਜਿਥੇ ਉਸ ਨੂੰ ਨਸ਼ਾ ਦੇ ਕੇ ਕਈ ਮਹੀਨਿਆਂ ਤੱਕ ਇਹ ਕੰਮ ਕਰਵਾਇਆ ਗਿਆ।ਕੁਝ ਦਿਨ ਪਹਿਲਾਂ ਲੜਕੀ ਕਿਸੇ ਤਰ੍ਹਾਂ ਦੋਸ਼ੀਆਂ ਦੇ ਚੰਗੁਲ ਤੋਂ ਛੁੱਟ ਕੇ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੀ ਅਤੇ ਉਥੇ ਵੂਮੈਨ ਹੈਲਪਲਾਈਨ ਦੇ ਮੈਂਬਰਾਂ ਨੂੰ ਮਿਲ ਕੇ ਸਭ ਕੁਝ ਦੱਸਿਆ, ਜਿਨ੍ਹਾਂ ਨੇ ਦੋਰਾਹਾ ਸਥਿਤ ਸੈਂਟਰ ’ਚ ਲਿਜਾ ਕੇ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ, ਜਿਥੇ ਲੜਕੀ ਨੇ ਪਰਿਵਾਰ ਵਾਲਿਆਂ ਤੇ ਪੁਲਿਸ ਨੂੰ ਆਪ ਬੀਤੀ ਸੁਣਾਈ। ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।