ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪੈਂਦੇ ਪਿੰਡ ਚੱਬਾ ਦੇ ਰਹਿਣ ਵਾਲੇ ਇਕ ਨੌਜਵਾਨ ਦੇ ਕਬੂਤਰਬਾਜ਼ੀ ਦੇ ਸ਼ੌਕ ਨੇ ਉਸ ਦੀ ਜਾਨ ਲੈ ਲਈ। ਕਬੂਤਰ ਰੱਖਣ ਦਾ ਸ਼ੌਕ ਪਾਲਣ ਅਤੇ ਕਬੂਤਰਾਂ ਦੀ ਉਡਾਨ ਦੀ ਬਾਜ਼ੀ ਲਗਾਉਣ ਵਾਲੇ ਇੱਕ ਨੌਜਵਾਨ ਦਾ ਸ਼ੁੱਕਰਵਾਰ ਦੇਰ ਰਾਤ ਚੱਬਾ ਪਿੰਡ ਦੇ ਚਾਰ ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈਣ ਦੇ ਤੁਰੰਤ ਬਾਅਦ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਚੱਬਾ ਪਿੰਡ ਦਾ 21 ਸਾਲਾ ਰਣਜੀਤ ਸਿੰਘ ਕਬੂਤਰ ਪਾਲਣ ਦਾ ਸ਼ੌਕੀਨ ਸੀ। ਉਸਨੇ ਪੰਜ ਸਾਲ ਪਹਿਲਾਂ ਪਿੰਡ ਵਿੱਚ ਆਪਣੇ ਘਰ ਦੀ ਛੱਤ ‘ਤੇ ਕਬੂਤਰ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਆਪਣੇ ਪਾਲੇ ਹੋਏ ਕਬੂਤਰਾਂ ਦੀ ਬਾਜ਼ੀ ਲਗਾਉਣ ਦੀਆਂ ਸ਼ਰਤਾਂ ਵੀ ਲਗਾਉਂਦਾ ਸੀ। ਕਈ ਵਾਰ ਉਹ ਸ਼ਰਤ ਜਿੱਤ ਜਾਂਦਾ ਅਤੇ ਕਈ ਵਾਰ ਹਾਰ ਵੀ ਜਾਂਦਾ।
ਲਗਭਗ ਤਿੰਨ-ਚਾਰ ਮਹੀਨੇ ਪਹਿਲਾਂ ਇਸੇ ਪਿੰਡ ਦੇ ਰਾਜਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਦੀਪੂ ਅਤੇ ਅਰਸ਼ ਨੇ ਰਣਜੀਤ ਸਿੰਘ ਨਾਲ ਕਬੂਤਰਬਾਜ਼ੀ ਨੂੰ ਲੈ ਕੇ ਸ਼ਰਤ ਲਾਈ ਸੀ, ਜਿਸ ਵਿੱਚ ਉਹ ਹਾਰ ਗਿਆ ਸੀ। ਸ਼ਰਤ ਹਾਰਨ ਤੋਂ ਬਾਅਦ ਇਹ ਸਾਰੇ ਲੋਕ ਰੰਜੀਤ ਨਾਲ ਰੰਜਿਸ਼ ਰੱਖਣ ਲੱਗੇ ਸਨ।
ਇਸੇ ਰੰਜਿਸ਼ ਵਿੱਚ ਉਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਰਣਜੀਤ ਸਿੰਘ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਦਾ ਇੱਕ ਵਾਰ ਰਣਜੀਤ ਦੀ ਛਾਤੀ ‘ਤੇ ਹੋਇਆ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਜਲੰਧਰ : ਗੁਰਦੁਆਰੇ ਦੇ ਪਾਠੀ ਦੀ ਸ਼ਰਮਨਾਕ ਕਰਤੂਤ- ਦਿਮਾਗੀ ਤੌਰ ‘ਤੇ ਕਮਜ਼ੋਰ ਨੌਜਵਾਨ ਨਾਲ ਕੀਤਾ ਕੁਕਰਮ
ਚਾਟੀਵਿੰਡ ਥਾਣੇ ਦੇ ਇੰਚਾਰਜ ਸਬ-ਇੰਸਪੈਕਟਰ ਮਨਮੀਤ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਚੱਬਾ ਪਿੰਡ ਵਿੱਚ ਵਾਪਰੀ ਸੀ। ਪੁਲਿਸ ਨੇ ਰਾਜਪ੍ਰੀਤ, ਜਗਪ੍ਰੀਤ, ਦੀਪੂ ਅਤੇ ਅਰਸ਼ ਖ਼ਿਲਾਫ਼ ਕੇਸ ਦਰਜ ਕਰਕੇ ਰਾਜਪ੍ਰੀਤ ਅਤੇ ਜਗਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੋ ਹੋਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸ਼ਾਮ ਨੂੰ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।