Gold and cash stolen : ਅੰਮ੍ਰਿਤਸਰ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਰਿਹਾਇਸ਼ ਤੋਂ ਕੁਝ ਹੀ ਮੀਟਰ ਦੂਰ ਸਥਿਤ ਇਕ ਸੁਨਿਆਰੇ ਦੇ ਘਰ ਤਿੰਨ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਰਿਵਾਰ ਸੌ ਰਿਹਾ ਸੀ ਤੇ ਪਰਿਵਾਰ ਨੂੰ ਚੋਰੀ ਦੀ ਭਿਣਕ ਤੱਕ ਨਹੀਂ ਲੱਗੀ। ਚੋਰਾਂ ਕੋਲ ਘਰ ਤੇ ਤਿਜੋਰੀ ਤੇ ਹੋਰ ਅਲਮਾਰੀਆਂ ਦੀਆਂ ਚਾਬੀਆਂ ਪਹਿਲਾਂ ਤੋਂ ਹੀ ਮੌਜੂਦ ਸਨ। ਉਨ੍ਹਾਂ ਨੇ ਮੇਨ ਗੇਟ ਨੂੰ ਚਾਬੀ ਨਾਲ ਖੋਲ੍ਹ ਕੇ ਅੰਦਰ ਪਈ ਤਿਜੋਰੀ ਤੇ ਹੋਰ ਅਲਮਾਰੀਆਂ ਨੂੰ ਚਾਬੀਆਂ ਨਾਲ ਖੋਲ੍ਹ ਕੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ ਸਾਢੇ ਸੱਤ ਵਜੇ ਜਦੋਂ ਘਰ ਦੇ ਮੁਖੀ ਨੀਰਜ ਕੁਮਾਰ ਦੁੱਧ ਲੈਣ ਲਈ ਘਰੋਂ ਨਿਕਲਣ ਲੱਗੇ ਤਾਂ ਦੇਖਿਆ ਕਿ ਘਰ ਦੀਆਂ ਸਾਰੀਆਂ ਅਲਮਾਰੀਆਂ ਤੇ ਤਿਜੋਰੀਆਂ ਖੁੱਲ੍ਹੀਆਂ ਰਈਆਂ ਹਨ। ਉਨ੍ਹਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਆਵਾਜ਼ ਲਗਾ ਕੇ ਇਸ ਬਾਰੇ ਦੱਸਿਆ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਚੋਰੀ ਦੀ ਇੰਨੀ ਵੱਡੀ ਵਾਰਦਾਤ ਵਾਪਰੀ ਹੈ। ਨੀਰਜ ਨੇ ਦੱਸਿਆ ਕਿ ਉਸ ਦਾ ਜਵੈਲਰੀ ਦਾ ਕੰਮ ਹੈ। ਉਨ੍ਹਾਂ ਨੇ ਇਕ ਕਿੱਲੋ ਸੋਨੇ ਦੇ ਗਹਿਣੇ ਬਣਆ ਕੇ ਰੱਖੇ ਸਨ। ਨਾਲ ਹੀ ਅਲਮਾਰੀ ਵਿੱਚ ਨਕਦੀ ਵੀ ਸੀ। ਚੋਰ ਸਭ ਕੁਝ ਲੈ ਗਏ। ਇਸ ਨਾਲ ਉਨ੍ਹਾਂ ਦਾ 50 ਲੱਖ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਚੋਰ ਕਿੰਨੀ ਨਕਦੀ ਤਾਂ ਲੈ ਗਏ ਤਾਂ ਉਨ੍ਹਾਂ ਕਿਹਾ ਕਿ ਅਜੇ ਉਹ ਤਣਾਅ ਵਿੱਚ ਹਨ, ਨਕਦੀ ਦੀ ਜਾਣਕਾਰੀ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਪਤਾ ਲੱਗੇਗਾ। ਘਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਸਨ, ਪਰ ਉਹ ਵੀ ਕੁਝ ਸਮੇਂ ਤੋਂ ਖਰਾਬ ਸਨ। ਇਨ੍ਹਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਐੱਸਐੱਚਓ ਡੀ ਡਿਵੀਜ਼ਨ ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦਾ ਮੁਆਇਨਾ ਕੀਤਾ ਹੈ। ਚੋਰਾਂ ਕੋਲ ਘਰ ਦੀਆਂ ਚਾਬੀਆਂ ਪਹਿਲਾਂ ਤੋਂ ਹੀ ਮੌਜੂਦ ਸਨ, ਇਸ ਨਾਲ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਜਾਣਕਾਰੀ ਨੇ ਹੀ ਇਸ ਚੋਰੀ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲਈ ਹੈ। ਤਿੰਨ ਚੋਰ ਘਰੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਨੀਰਜ ਦੇ ਘਰ ਵਿੱਚ ਕੌਣ-ਕੌਣ ਲੋਕ ਆਉਂਦੇ ਸਨ, ਇਸ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਗਹਿਣੇ ਬਣਾਉਣ ਲਈ ਰੱਖੇ ਕਾਰੀਗਰਾਂ ਦੀ ਵੀ ਸੂਚੀ ਮੰਗੀ ਗਈ ਹੈ। ਐੱਸਐੱਚਓ ਨੇ ਦਾਅਵਾ ਕੀਤਾ ਕਿ ਦੋਸ਼ੀ ਛੇਤੀ ਗ੍ਰਿਫਤਾਰ ਹੋਣਗੇ।