Mastermind of Banur cash van robbery : ਸਾਲ 2017 ਵਿਚ ਬਨੂੜ ਦੇ ਕੌਮੀ ਮਾਰਗ ’ਤੇ ਚਿਤਕਾਰਾ ਯੂਨੀਵਰਸਿਟੀ ਨੇੜੇ ਬੈਂਕ ਦਾ ਕੈਸ਼ ਲਿਜਾ ਰਹੀ ਵੈਨ ਵਿਚੋਂ ਗੋਲੀਆਂ ਚਲਾ ਕੇ ਡਕੈਤੀ ਕਰਨ ਦੇ ਮਾਮਲੇ ਵਿਚ ਅਮ੍ਰਿਤਸਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਏ ਗਏ ਕੈਦੀ ਸਿਕੰਦਰ ਨਾਮੀ ਗੈਂਗਸਟਰ ਨੂੰ ਅੱਜ ਪੰਜ ਰੋਜ਼ਾ ਰਿਮਾਂਡ ਖਤਮ ਹੋਣ ਮਗਰੋਂ ਰਾਜਪੁਰਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਅਦਾਲਤ ਵੱਲੋਂ ਗੈਂਗਸਟਰ ਸਿਕੰਦਰ ਨੂੰ ਦੋ ਦਿਨ ਦੇ ਹੋਰ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਬਨੂੜ ਨੇ ਦੱਸਿਆ ਕਿ ਇਹ ਸਿਕੰਦਰ ਨਾਮੀਂ ਗੈਂਗਸਟਰ ਜੋਕਿ ਤਰਨਤਾਰਨ ਦਾ ਰਹਿਣਵਾਲਾ ਹੈ, ਬਨੂੜ ਬੈਂਕ ਕੈਸ਼ ਵੈਨ ਡਕੈਤੀ ਦਾ ਮੁੱਖ ਦੋਸ਼ੀ ਹੈ। ਇਸ ਗੈਂਗਸਟਰ ਨੂੰ ਓਕੂ ਟੀਮ ਵਲੋਂ ਕਿਸੇ ਮਾਮਲੇ ਵਿਚ ਕਾਬੂ ਕੀਤਾ ਗਿਆ ਸੀ ਅਤੇ ਇਸ ਗੈਂਗਸਟਰ ਨੂੰ ਇਸ ਵੇਲੇ ਅੰਮ੍ਰਿਤਸਰ ਜੇਲ ਵਿਚ ਰਖਿਆ ਗਿਆ ਸੀ, ਜਿਸ ਨੂੰ ਪੰਜ ਦਿਨਾਂ ਦੇ ਰਿਮਾਂਡ ਉਤੇ ਲਿਆ ਕੇ ਕੈਸ਼ ਵੈਨ ਡਕੈਤੀ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਅੱਜ ਇਸ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ, ਜਿਸ ਕਾਰਨ ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਇਸ ਨੂੰ 2 ਦਿਨਾਂ ਦੇ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ 2 ਮਈ 2017 ਨੂੰ ਚਿਤਕਾਰਾ ਯੂਨੀਵਰਸਿਟੀ ਦੇ ਬਾਹਰ ਐਕਸਿਸ ਬੈਂਕ ਦੀ ਇਸ ਕੈਸ਼ ਵੈਨ ਵਿੱਚੋਂ ਗੋਲੀਆਂ ਚਲਾ ਕੇ 1 ਕਰੋੜ 33 ਲੱਖ ਦੀ ਰਾਸ਼ੀ ਛੇ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਲਈ ਗਈ ਸੀ।