ਸਿਰਸਾ : ਡੇਰਾ ਸੱਚਾ ਸੌਦਾ ਵੱਲੋਂ ਬੇਅਦਬੀ ਮਾਮਲਿਆਂ ਨੂੰ ਲੈ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਡੇਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਰਦਾ ਹੈ ਜਾਂ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਹ ਡੇਰਾ ਸੱਚਾ ਸੌਦਾ ਦਾ ਪੈਰੋਕਾਰ ਨਹੀਂ ਹੋ ਸਕਦਾ।
ਜੇਕਰ ਕੋਈ ਵਿਅਕਤੀ ਅਜਹੀ ਹਰਕਤ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਡੇਰਾ ਸੱਚਾ ਸੌਦਾ ਅਜਿਹੀ ਸਖਤ ਕਾਰਵਾਈ ਦੇ ਪੱਖ ਵਿੱਚ ਹੈ।
ਕਮੇਟੀ ਵੱਲੋਂ ਜਾਰੀ ਨੋਟ ਵਿੱਚ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪੂਰਾ ਸਤਿਕਾਰ ਕਰਦਾ ਹੈ। ਜੇਕਰ ਕੋਈ ਵਿਅਕਤੀ ਪਾਵਨ ਸਰੂਪ ਦੀ ਬੇਅਦਬੀ ਕਰਦਾ ਹੈ ਤਾਂ ਡੇਰਾ ਸੱਚਾ ਸੌਦਾ ਉਸ ਦੀ ਸਖਤ ਨਿੰਦਾ ਕਰਦਾ ਹੈ।
ਦੱਸਣਯੋਗ ਹੈ ਕਿ ਡੇਰੇ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਇਕ ਵਿਅਕਤੀ ਵੱਲੋਂ ਬੇਅਦਬੀ ਕੀਤੀ ਗਈ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਵੇਰੇ ਜਦੋਂ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਪਵਿੱਤਰ ਸਰੂਪਾਂ ਦਾ ਪ੍ਰਕਾਸ਼ ਕੀਤਾ ਜਾਣਾ ਸੀ, ਦੋਸ਼ੀ ਨੇ ਦਰਬਾਰ ਸਾਹਿਬ ਵਿੱਚ ਬੀੜੀ ਪੀਣੀ ਸ਼ੁਰੂ ਕਰ ਦਿੱਤੀ। ਧੂੰਆਂ ਹੋਣ ‘ਤੇ ਬੀੜੀ ਉਸੇ ਥਾਂ ‘ਤੇ ਸੁੱਟ ਦਿੱਤੀ ਜਿਥੇ ਗ੍ਰੰਥੀ ਬੈਠਦੇ ਹਨ।
ਇਹ ਵੀ ਪੜ੍ਹੋ : ਖਤਰਾ ਅਜੇ ਟਲਿਆ ਨਹੀਂ : ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਪੰਜਾਬ ‘ਚ ਸੀਰੀਅਲ ਬਲਾਸਟ ਦੀ ਸਾਜ਼ਿਸ਼
ਬੇਅਦਬੀ ਦੀ ਘਟਨਾ ਦੇ ਦੋਸ਼ੀ ਲੁਧਿਆਣਾ ਦੇ ਵਸਨੀਕ ਪਰਮਜੀਤ ਸਿੰਘ ਦੇ ਸੰਬੰਧ ਡੇਰਾ ਸਿਰਸਾ ਨਾਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਨੇ ਦੋਸ਼ੀ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।