ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਲਫੀ ਨਾ ਲੈਣ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਤੈਰਾਕੀ ਨਾ ਕਰਨ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ। ਉਨ੍ਹਾਂ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਸ਼ੁੱਕਰਵਾਰ ਨੂੰ ਉੱਤਰ-ਪੱਛਮੀ ਦਿੱਲੀ ਦੇ ਮੁਕੰਦਪੁਰ ਚੌਕ ਇਲਾਕੇ ‘ਚ ਹੜ੍ਹ ਦੇ ਪਾਣੀ ‘ਚ ਨਹਾਉਂਦੇ ਸਮੇਂ ਤਿੰਨ ਲੜਕੇ ਡੁੱਬ ਗਏ। ਸ਼ਾਂਤੀ ਵਨ ‘ਚ ਹੜ੍ਹ ਦੇ ਪਾਣੀ ‘ਚ ਖੇਡ ਰਹੇ ਬੱਚਿਆਂ ਦਾ ਵੀਡੀਓ ਟੈਗ ਕਰਦੇ ਹੋਏ ਉਨ੍ਹਾਂ ਲਿਖਿਆ, ‘ਮੈਂ ਸਾਰਿਆਂ ਨੂੰ ਇਸ ਤੋਂ ਬਚਣ ਦੀ ਅਪੀਲ ਕਰਦਾ ਹਾਂ।’
ਕੇਜਰੀਵਾਲ ਨੇ ਟਵੀਟ ਕੀਤਾ, ‘ਕਈ ਥਾਵਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਕੁਝ ਲੋਕ ਪਾਣੀ ‘ਚ ਖੇਡਣ ਜਾਂ ਤੈਰਾਕੀ ਕਰਨ ਜਾ ਰਹੇ ਹਨ ਜਾਂ ਵੀਡੀਓ/ਸੈਲਫੀ ਲਈ ਜਾ ਰਹੇ ਹਨ। ਕਿਰਪਾ ਕਰਕੇ ਅਜਿਹਾ ਨਾ ਕਰੋ। ਇਹ ਖ਼ਤਰਨਾਕ ਹੋ ਸਕਦਾ ਹੈ। ਹੜ੍ਹ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਪਾਣੀ ਕਿਸੇ ਵੇਲੇ ਵੀ ਵੱਧ ਸਕਦਾ ਹੈ। ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਜਿਸ ਕਾਰਨ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਲਗਾਤਾਰ ਤਿੰਨ ਦਿਨਾਂ ਤੱਕ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਤੋਂ ਯਮੁਨਾ ਦਾ ਪਾਣੀ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਹੈ। ਯਮੁਨਾ ਦਾ ਪਾਣੀ ਦਾ ਪੱਧਰ ਵੀਰਵਾਰ ਰਾਤ 8 ਵਜੇ 208.66 ਮੀਟਰ ਦੇ ਆਪਣੇ ਸਿਖਰ ਤੋਂ ਸ਼ਨੀਵਾਰ ਸਵੇਰੇ 10 ਵਜੇ 207.48 ਮੀਟਰ ‘ਤੇ ਆ ਗਿਆ ਹੈ। ਹਾਲਾਂਕਿ, ਪਾਣੀ ਅਜੇ ਵੀ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਦੋ ਮੀਟਰ ਉੱਪਰ ਹੈ।
ਇਹ ਵੀ ਪੜ੍ਹੋ : ਪੰਜਾਬੀ ਨੇ ਕਰਾਈ ਬੱਲੇ-ਬੱਲੇ, ਅਮਰੀਕਾ ‘ਚ ਨੇਵੀ ਅਫ਼ਸਰ ਬਣਿਆ ਟਾਂਡਾ ਦਾ ਮੁੰਡਾ
ਇੰਦਰਪ੍ਰਸਥ ਰੈਗੂਲੇਟਰ ਟੁੱਟਣ ਤੋਂ ਬਾਅਦ ਆਈਟੀਓ ਨੇੜੇ ਦਾ ਇਲਾਕਾ ਅਤੇ ਰਿੰਗ ਰੋਡ ਦੇ ਕੁਝ ਹਿੱਸੇ ਵਿੱਚ ਪਾਣੀ ਭਰ ਗਿਆ ਸੀ, ਜਿਸ ਦੀ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਸ਼ਾਂਤੀ ਵਨ ਤੋਂ ਗੀਤਾ ਕਾਲੋਨੀ ਤੱਕ ਰਿੰਗ ਰੋਡ ਦੇ ਦੋਵੇਂ ਕੈਰਿਜਵੇਅ ‘ਤੇ ਕਾਰਾਂ, ਆਟੋਰਿਕਸ਼ਾ ਅਤੇ ਹੋਰ ਹਲਕੇ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: