drug pills health worker ferozepur jail: ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਕੋਰੋਨਾ ਟੈਸਟ ਕਰਨ ਆਏ ਸਿਹਤ ਕਰਮਚਾਰੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਪੁਲਿਸ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ 6 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਭੇਜੀ ਸ਼ਿਕਾਇਤ ‘ਚ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਗੁਰਜੰਟ ਸਿੰਘ ਐਲ.ਟੀ. ਜੇਲ੍ਹ ਅੰਦਰ ਕੋਰੋਨਾ ਟੈਸਟ ਕਰਨ ਆਇਆ ਸੀ, ਜਦ ਉਸ ਦੀ ਡਿਊੜੀ ‘ਚ ਕਰਮਚਾਰੀਆਂ ਨੇ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋ 94 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਇਹ ਗੋਲੀਆਂ ਹਵਾਲਾਤੀ ਸ਼ੇਖ ਰਿਮਾਜੂਦੀਨ ਉਰਫ ਰਿਆਜ ਤੇ ਕੈਦੀ ਗੌਰਵ ਨੂੰ ਦੇਣੀਆਂ ਸੀ ਅਤੇ ਇਹ ਗੋਲੀਆਂ ਪੈਰੋਲ ‘ਤੇ ਗਏ ਕੈਦੀ ਅਜੇ ਵੱਲੋਂ ਮੋਬਾਇਲ ਫੋਨ ‘ਤੇ ਰਾਬਤਾ ਕਰਕੇ ਗੁਰਜੰਟ ਸਿੰਘ ਨੂੰ ਦਿੱਤੀਆਂ ਸਨ। ਪੁਲਿਸ ਨੇ ਕੈਦੀਆਂ ਸਮੇਤ 6 ਲੋਕਾਂ ‘ਤੇ ਮਾਮਲਾ ਦਰਜ ਕਰ ਦਿੱਤਾ।