armaan kohli Drugs Case: ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਨੇ ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਅਰਮਾਨ ਕੋਹਲੀ ਨੂੰ ਪੁਲਿਸ ਨੇ 28 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਐਨਸੀਬੀ ਦੀ ਟੀਮ ਨੇ ਕੋਹਲੀ ਦੀ ਜੁਹੂ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਸੀ।
ਛਾਪੇਮਾਰੀ ਦੌਰਾਨ ਉਸ ਦੇ ਘਰ ਤੋਂ ਕੋਕੀਨ ਬਰਾਮਦ ਕੀਤੀ ਗਈ ਸੀ। ਕੋਹਲੀ ਦੇ ਘਰ ਤੋਂ ਮਿਲੀ ਕੋਕੀਨ ਦੱਖਣੀ ਅਮਰੀਕਾ ਵਿੱਚ ਤਿਆਰ ਕੀਤੀ ਜਾਂਦੀ ਹੈ। ਇੱਕ ਅਧਿਕਾਰੀ ਨੇ ਦੱਸਿਆ ਸੀ ਕਿ, ‘ਐਨਸੀਬੀ ਉਸ ਰਸਤੇ ਅਤੇ ਲਿੰਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਰਾਹੀਂ ਜ਼ਬਤ ਕੋਕੀਨ ਮੁੰਬਈ ਪਹੁੰਚੀ ਸੀ। ਉਹ ਇਸ ਘਟਨਾ ਵਿੱਚ ਹੋਰ ਤਸਕਰਾਂ ਦੀ ਸ਼ਮੂਲੀਅਤ ਦਾ ਵੀ ਪਤਾ ਲਗਾ ਰਹੇ ਹਨ।
ਇਸ ਤੋਂ ਪਹਿਲਾਂ ਅਦਾਲਤ ਨੇ ਕੋਹਲੀ ਨੂੰ 1 ਸਤੰਬਰ ਤੱਕ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। 1 ਸਤੰਬਰ ਨੂੰ ਮੁੰਬਈ ਦੀ ਇੱਕ ਅਦਾਲਤ ਨੇ ਅਰਮਾਨ ਕੋਹਲੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ। ਇਸ ਤੋਂ ਪਹਿਲਾਂ, ਐਨਸੀਬੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਅਦਾਕਾਰ ਨੂੰ ਪ੍ਰਸ਼ਨਾਂ ਦੇ ਸਹੀ ਉੱਤਰ ਨਾ ਦੇਣ ਦੇ ਕਾਰਨ ਗ੍ਰਿਫਤਾਰ ਕੀਤਾ ਸੀ। ਏਜੰਸੀ ਨੇ ਉਸ ‘ਤੇ ਜਾਂਚ’ ਚ ਸਹਿਯੋਗ ਨਾ ਕਰਨ ਦਾ ਦੋਸ਼ ਵੀ ਲਗਾਇਆ ਸੀ।
ਅਧਿਕਾਰੀ ਨੇ ਕਿਹਾ ਕਿ ਐਨਸੀਬੀ ਨੇ ਸ਼ਨੀਵਾਰ ਨਸ਼ੀਲੇ ਪਦਾਰਥਾਂ ਦੇ ਮੁੱਖ ਵਿਕਰੇਤਾ ਅਜੇ ਰਾਜੂ ਸਿੰਘ ਦੀ ਹਿਰਾਸਤ ਵਿੱਚ ਪੁੱਛਗਿੱਛ ਦੌਰਾਨ ਕੀਤੇ ਗਏ ਕੁਝ “ਖੁਲਾਸਿਆਂ” ਤੋਂ ਬਾਅਦ ਕੋਹਲੀ ਤੋਂ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ। ਸਿੰਘ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਵੀ ਕੀਤਾ ਗਿਆ ਹੈ। ਸਿੰਘ ਨੂੰ ਸ਼ਨੀਵਾਰ ਨੂੰ ਹਾਜੀ ਅਲੀ ਦੇ ਕੋਲ ਫੜਿਆ ਗਿਆ ਸੀ ਅਤੇ ਉਸ ਕੋਲੋਂ ਐਮਡੀ ਨਾਂ ਦੇ 25 ਗ੍ਰਾਮ ਨਸ਼ੇ ਮਿਲੇ ਸਨ। ਸਾਲ 2018 ਵਿੱਚ ਮੁੰਬਈ ਪੁਲਿਸ ਦੇ ਨਸ਼ਾ ਵਿਰੋਧੀ ਸੈੱਲ ਦੁਆਰਾ ਸਿੰਘ ਦੇ ਵਿਰੁੱਧ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ, ਜਦੋਂ ਉਸ ਤੋਂ ਵੱਡੀ ਮਾਤਰਾ ਵਿੱਚ ਐਫੇਡਰਾਈਨ ਮਿਲੀ ਸੀ।