ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਲਖਨਊ ਦੇ ਏਸੀਜੇਐੱਮ ਸ਼ਾਂਤਨੂ ਤਿਆਗੀ ਦੀ ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟਾਂ ਖਰੀਦਣ ਵਾਲਿਆਂ ਨੂੰ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਅਪਰਾਧਿਕ ਮਾਮਲੇ ਵਿੱਚ ਡਾਂਸਰ ਸਪਨਾ ਚੌਧਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ। ਅਸਲ ਵਿਚ ਮਾਮਲਾ 2018 ਨਾਲ ਸਬੰਧਤ ਹੈ। ਸਪਨਾ ਚੌਧਰੀ ਨੇ ਲਖਨਊ ਵਿੱਚ ਇੱਕ ਪ੍ਰੋਗਰਾਮ ਸਾਈਨ ਕੀਤਾ ਸੀ। ਇਸ ਦੇ ਲਈ ਉਸ ਨੇ ਪੈਸੇ ਵੀ ਲਏ ਸਨ ਪਰ ਆਖਰੀ ਸਮੇਂ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਅਤੇ ਦਰਸ਼ਕਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਇਸ ਮਾਮਲੇ ‘ਚ ਸਪਨਾ ਚੌਧਰੀ ਦੇ ਨਾਲ-ਨਾਲ ਪ੍ਰਬੰਧਕਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।
14 ਅਕਤੂਬਰ 2018 ਨੂੰ ਆਸ਼ਿਆਨਾ ਥਾਣੇ ਦੇ ਸਬ-ਇੰਸਪੈਕਟਰ ਫਿਰੋਜ਼ ਖਾਨ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਵਾਈ ਸੀ। 13 ਅਕਤੂਬਰ 2018 ਨੂੰ ਡਾਂਸਰ ਸਪਨਾ ਚੌਧਰੀ ਦਾ ਇੱਕ ਪ੍ਰੋਗਰਾਮ ਆਸ਼ਿਆਨਾ ਖੇਤਰ ਵਿੱਚ ਹੋਣ ਤਹਿ ਕੀਤਾ ਗਿਆ ਸੀ, ਜਿਸ ਵਿੱਚ ਪ੍ਰਤੀ ਵਿਅਕਤੀ 300 ਰੁਪਏ ਵਿੱਚ ਆਨਲਾਈਨ ਅਤੇ ਆਫਲਾਈਨ ਟਿਕਟਾਂ ਵੇਚੀਆਂ ਗਈਆਂ ਸਨ। ਉਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਲੋਕ ਸ਼ਾਮ ਤੋਂ ਹੀ ਟਿਕਟਾਂ ਲੈ ਕੇ ਮੌਜੂਦ ਸਨ। ਜਦੋਂ ਰਾਤ 10 ਵਜੇ ਤੱਕ ਸਪਨਾ ਚੌਧਰੀ ਨਹੀਂ ਆਈ ਤਾਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪ੍ਰਬੰਧਕਾਂ ਨੇ ਟਿਕਟਾਂ ਖਰੀਦਣ ਵਾਲਿਆਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ। ਜਿਸ ਤੋਂ ਬਾਅਦ ਭੜਕੀ ਭੀੜ ਨੇ ਸਮਾਗਮ ਵਾਲੀ ਥਾਂ ‘ਤੇ ਹੰਗਾਮਾ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਗੁੱਸੇ ਵਿੱਚ ਆਈ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਪੂਰੇ ਹੰਗਾਮੇ ਦੀ ਜਾਂਚ ਕਰਨ ਲਈ ਤਤਕਾਲੀ ਐੱਸਐੱਸਪੀ ਨੇ ਹੁਕਮ ਦਿੱਤੇ ਸਨ।
ਜਾਂਚ ਤੋਂ ਬਾਅਦ ਪੁਲਿਸ ਨੇ ਪ੍ਰੋਗਰਾਮ ਦੇ ਆਯੋਜਕਾਂ ਜੁਨੈਦ ਅਹਿਮਦ, ਨਵੀਨ ਸ਼ਰਮਾ, ਪਹਿਲ ਇੰਸਟੀਚਿਊਟ ਦੇ ਇਬਾਦ ਅਲੀ, ਅਮਿਤ ਪਾਂਡੇ, ਰਤਨਾਕਰ ਉਪਾਧਿਆਏ ਅਤੇ ਸਪਨਾ ਚੌਧਰੀ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਸੀ। 4 ਸਤੰਬਰ 2021 ਨੂੰ ਅਦਾਲਤ ਨੇ ਇਸ ਮਾਮਲੇ ‘ਚ ਸਪਨਾ ਚੌਧਰੀ ਦੀ ਡਿਸਚਾਰਜ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਚੱਲ ਰਹੀ ਨਿਆਂਇਕ ਪ੍ਰਕਿਰਿਆ ਤਹਿਤ ਅਦਾਲਤ ਨੇ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: