amrit maan new song : ‘ਮਾਂ’, ‘ਬਾਪੂ’ ਵਰਗੇ ਗੀਤਾਂ ਤੋਂ ਬਾਅਦ ਪੰਜਾਬੀ ਗਾਇਕ ਅੰਮ੍ਰਿਤ ਮਾਨ ਇਸ ਵਾਰ ਨਵਾਂ ਗੀਤ ‘ਨਿੱਕੀਏ ਭੈਣੇਂ’ ਲੈ ਕੇ ਆਏ ਹਨ। ਤਾਜ਼ਾ ਪੰਜਾਬੀ ਗੀਤ ਭੈਣ-ਭਰਾ ਦੇ ਪਿਆਰ ਬਾਰੇ ਹੈ। ਦਿਲ ਨੂੰ ਛੂਹ ਲੈਣ ਵਾਲੇ ਗੀਤ ‘ਨਿੱਕੀਏ ਭੈਣੇਂ’ ਦੇ ਬੋਲ ਅੰਮ੍ਰਿਤ ਮਾਨ ਅਤੇ ਮਨਦੀਪ ਮਾਵੀ ਨੇ ਲਿਖੇ ਹਨ ਜਦਕਿ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਇਸ ਗੀਤ ‘ਚ ਇੱਕ ਭਰਾ ਨੇ ਆਪਣੀ ਭੈਣ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਦੇ ਨਾਲ ਹੀ ਗੀਤ ‘ਚ ਤੁਸੀਂ ਸੁਣ ਸਕਦੇ ਹੋ ਕਿ ਕਿਵੇਂ ਵਿਦੇਸ਼ ‘ਚ ਵੱਸਦਾ ਭਰਾ ਆਪਣੀ ਨਿੱਕੀ ਭੈਣ ਨੂੰ ਆਪਣੀਆਂ ਮਜ਼ਬੂਰੀਆਂ ਨੂੰ ਦੱਸਦਾ ਹੈ ਕਿ ਕਿਵੇਂ ਉਹ ਵਿਦੇਸ਼ ‘ਚ ਪੀ.ਆਰ ਲੈਣ ਲਈ ਜੱਦੋਜਹਿਦ ਕਰ ਰਿਹਾ ਹੈ ਅਤੇ ਜਲਦ ਹੀ ਉਹ ਪੀ.ਆਰ ਹੋਣ ਤੋਂ ਬਾਅਦ ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰੇਗਾ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਪਸੰਦ ਕਰ ਰਹੇ ਹਨ।
ਦਸ ਦੇਈਏ ਕਿ ਨਵੇਂ ਗੀਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅੰਮ੍ਰਿਤ ਮਾਨ ਦੇ ਪ੍ਰਸ਼ੰਸਕਾਂ ਨੇ ਗਾਇਕ ਨੂੰ ਪਿਆਰ ਦੀ ਵਰਖਾ ਕੀਤੀ ਹੈ। ਪ੍ਰਸ਼ੰਸਕਾਂ ਨੇ ਲਿਖਿਆ ਪਹਿਲਾਂ ‘ਮਾਂ’ ਗੀਤ, ਫਿਰ ‘ਬਾਪੂ’, ਅਤੇ ਹੁਣ ‘ਨਿੱਕੀਏ ਭੈਣੇਂ’, ਸ਼ਾਨਦਾਰ ਅੰਮ੍ਰਿਤ ਮਾਨ, ਤੁਸੀਂ ਸਭ ਤੋਂ ਵਧੀਆ ਹੋ।” ਟਿੱਪਣੀ ਭਾਗ ਵਿੱਚ ਸਰੋਤਿਆਂ ਵਿੱਚੋਂ ਇੱਕ ਵਿਅਕਤੀ ਨੇ ਲਿਖਿਆ। “ਬਹੁਤ ਵਧੀਆ ਗੀਤ ਰੱਬ ਤੁਹਾਨੂੰ ਖੁਸ਼ ਰੱਖੇ। ਬਹੁਤ ਭਾਵੁਕ ਗੀਤ,” ਇੱਕ ਹੋਰ ਨੇ ਲਿਖਿਆ।