ਸਮਰਾਲਾ ‘ਚ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਨੇੜੇ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਨਾਲ ਕਰੀਬ 5 ਏਕੜ ਕਣਕ ਦੀ ਫ਼ਸਲ ਅਤੇ 20 ਏਕੜ ਨਾੜ ਸੜ ਕੇ ਸੁਆਹ ਹੋ ਗਈ। ਖੁਸ਼ਕਿਸਮਤੀ ਇਹ ਰਹੀ ਕਿ ਸਮਰਾਲਾ ਫਾਇਰ ਬ੍ਰਿਗੇਡ ਨੇ ਆਸ-ਪਾਸ ਦੇ ਤਿੰਨ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਸਮੇਂ ਸਿਰ ਅੱਗ ‘ਤੇ ਕਾਬੂ ਪਾਇਆ, ਜਿਸ ਕਾਰਨ ਆਸ-ਪਾਸ ਸੈਂਕੜੇ ਏਕੜ ਵਿੱਚ ਖੜ੍ਹੀ ਕਣਕ ਦੀ ਫ਼ਸਲ ਦਾ ਬਚਾਅ ਹੋ ਗਿਆ।
ਅੱਗ ਲੱਗਣ ਕਾਰਨ ਕਈ ਕਿਸਾਨਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਢਾਈ ਏਕੜ ਖੇਤ ਵਿੱਚ ਕਣਕ ਦੀ ਫ਼ਸਲ ਸੜ ਗਈ। ਕਰੀਬ 8 ਏਕੜ ਨਾੜ ਸੜ ਗਿਆ। ਕਿਸਾਨ ਨੇ ਦੱਸਿਆ ਕਿ ਇਹ ਅੱਗ ਧਾਗਾ ਫੈਕਟਰੀ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਲੱਗੀ ਕਿਉਂਕਿ ਫੈਕਟਰੀ ਕਰਮਚਾਰੀਆਂ ਨੇ ਸਭ ਤੋਂ ਪਹਿਲਾਂ ਖੇਤਾਂ ਵਿੱਚ ਆ ਕੇ ਅੱਗ ’ਤੇ ਕਾਬੂ ਪਾਇਆ। ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ 20 ਏਕੜ ਦੇ ਕਰੀਬ ਦਾਲਾਂ ਅਤੇ 3 ਏਕੜ ਵਿੱਚ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਜਿੱਥੇ ਖੇਤਾਂ ਵਿੱਚ ਅੱਗ ਲੱਗੀ ਸੀ, ਉਸ ਤੋਂ ਥੋੜ੍ਹੀ ਦੂਰੀ ’ਤੇ ਇੱਕ ਕਾਨਵੈਂਟ ਸਕੂਲ ਹੈ। ਅੱਗ ਦੀਆਂ ਲਪਟਾਂ ਸਕੂਲ ਤੱਕ ਪਹੁੰਚ ਚੁੱਕੀਆਂ ਸਨ। ਧੂੰਆਂ ਸਕੂਲ ਦੇ ਅੰਦਰ ਤੱਕ ਪਹੁੰਚ ਗਿਆ ਸੀ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਬੰਧਕਾਂ ਨੇ ਸਕੂਲ ਬੰਦ ਕਰ ਦਿੱਤਾ ਅਤੇ ਬੱਚਿਆਂ ਨੂੰ ਬੱਸਾਂ ਰਾਹੀਂ ਘਰ ਭੇਜ ਦਿੱਤਾ ਗਿਆ, ਜਿਸ ਕਾਰਨ ਵੱਡਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ : CM ਮਾਨ ਦੀ ਚੱਲਦੀ ਰੈਲੀ ‘ਚ ਛਾਲ ਮਾਰ ਸਟੇਜ ਕੋਲ ਪਹੁੰਚ ਗਿਆ ਬੰਦਾ, ਹਰਕਤ ‘ਚ ਆਈ ਪੂਰੀ ਫੋਰਸ!
ਜਿਵੇਂ ਹੀ ਸਮਰਾਲਾ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਇਕੱਲੇ ਫਾਇਰ ਬ੍ਰਿਗੇਡ ਲਈ ਇਸ ‘ਤੇ ਕਾਬੂ ਪਾਉਣਾ ਸੌਖਾ ਨਹੀਂ ਸੀ। ਰੋਹਲੇ, ਭਰਥਲਾ ਅਤੇ ਚਹਿਲਾਂ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਫਾਇਰ ਬ੍ਰਿਗੇਡ ਦੀ ਮਦਦ ਕੀਤੀ। ਟਰੈਕਟਰਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: