ਪੰਜਾਬ ਵਿਚ ਕਿਸਾਨਾਂ ਵੱਲੋਂ ਬੀਜੇਪੀ ਉਮੀਦਾਵਾਰਾਂ ਦਾ ਵਿਰੋਧ ਜਾਰੀ ਹੈ। ਹੰਸ ਰਾਜ ਹੰਸ ਮਗਰੋਂ ਹੁਣ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੂੰ ਅੱਜ ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਗਾਹਲੜੀ ਦੇ ਅੱਡਾ ਵਿਖੇ ਪਹੁੰਚਣ ‘ਤੇ ਕਿਸਾਨਾਂ ਨੇ ਘੇਰ ਲਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਵੱਲੋਂ ਭਾਜਪਾ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਵਿਖਈਆਂ ਗਈਆਂ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਬੀਜੇਪੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਕਿਸੇ ਫਿਲਮੀ ਸਿਤਾਰੇ ਨੂੰ ਟਿਕਟ ਨਾ ਦੇ ਕੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ। ਬੱਬੂ ਸੁਜਾਨਪੁਰ ਤੋਂ ਤਿੰਨ ਵਾਰ ਵਿਧਾਇਕ ਅਤੇ 2012 ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ।
ਦਿਨੇਸ਼ ਬੱਬੂ ਵਿਸਾਖੀ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਇਸ ਮੌਕੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਕਾਫਲਾ ਰੋਕਿਆ ਗਿਆ, ਜਿਸ ਤੋਂ ਬਾਅਦ ਪੁਲਿਸ ਦੀ ਦਖ਼ਲ ਅੰਦਾਜ਼ੀ ਮਗਰੋਂ ਕਾਫ਼ਲਾ ਅੱਗੇ ਲਈ ਰਵਾਨਾ ਹੋ ਗਿਆ। ਦਿਨੇਸ਼ ਬੱਬੂ ਨੇ ਕਿਹਾ ਕਿ ਕਿਸਾਨ ਸਾਡੇ ਭਰਾ ਨੇ ਤੇ ਅਸੀਂ ਇੱਕੋ ਹੀ ਪਰਿਵਾਰ ਦੇ ਹਾਂ, ਜਿਸ ਕਾਰਨ ਪਰਿਵਾਰਾਂ ਵਿਚ ਥੋੜ੍ਹੇ ਮਨਮੁਟਾਅ ਚੱਲਦੇ ਨੇ। ਕਿਸਾਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਭਾਜਪਾ ਪਾਰਟੀ ਤੋਂ ਵਿਰੋਧ ਚੱਲ ਰਿਹਾ ਹੈ, ਪਰ ਜਲਦ ਹੀ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂਮੰਗਾਂ ਦਾ ਹੱਲ ਕਰਵਾਇਆ ਜਾਏਗਾ। ਦੂਜੇ ਪਾਸੇ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਭਾਜਪਾ ਦੇ ਉਮੀਦਵਾਰ ਦਾ ਪਿੰਡਾਂ ਵਿੱਚ ਵੋਟਾਂ ਲੈਣ ਲਈ ਆਉਣ ‘ਤੇ ਲਗਾਤਾਰ ਵਿਰੋਧ ਕੀਤਾ ਜਾਵੇਗਾ।
ਦੱਸ ਦੇਈਏ ਕਿ ਬੀਤੇ ਦਿਨ ਕਿਸਾਨਾਂ ਨੇ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਵਿਰੋਧ ਕੀਤਾ। ਇਸ ਤੋਂ ਬਾਅਦ ਹੰਸਰਾਜ ਹੰਸ ਮੀਡੀਆ ਸਾਹਮਣੇ ਆਏ ਅਤੇ ਇਸ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਦਾ ਉਠਾਉਣ ਦਾ ਹੱਕ ਹੈ, ਪਰ ਕਿਸੇ ਦਾ ਵਿਰੋਧ ਕਰਕੇ ਨਹੀਂ।
ਇਹ ਵੀ ਪੜ੍ਹੋ : ਐਕਸ਼ਨ ‘ਚ ਪੰਜਾਬ ਸਰਕਾਰ, ਹਰਿਆਣਾ ਸਕੂਲ ਬੱਸ ਹਾ/ਦ/ਸੇ ਮਗਰੋਂ ਸਕੂਲੀ ਵਾਹਨਾਂ ਦੀ ਚੈਕਿੰਗ ਦੇ ਦਿੱਤੇ ਹੁਕਮ
ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਜਲਦੀ ਹੀ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਕਿਸਾਨ ਆਪਣੀਆਂ ਮੰਗਾਂ ਸਬੰਧੀ ਆਵਾਜ਼ ਉਠਾ ਰਹੇ ਹਨ ਪਰ ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿਚਾਰ ਪ੍ਰਗਟ ਕਰਨ ਪਰ ਹਿੰਸਕ ਨਾ ਹੋਣ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰੋ ਪਰ ਪਿਆਰ ਦਾ ਪੱਲਾ ਨਾ ਛੱਡੋ।
ਵੀਡੀਓ ਲਈ ਕਲਿੱਕ ਕਰੋ -: