ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਤੋਂ ਖੁਸ਼ਖਬਰੀ ਆਈ ਹੈ। ਇੱਕ ਮਾਦਾ ਚੀਤਾ ਨੇ ਪਾਰਕ ਦੇ ਅੰਦਰ 5 ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਖੁਸ਼ੀ ਨੂੰ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਦੱਸਿਆ ਕਿ 5 ਬੱਚਿਆ ਦੇ ਜਨਮ ਤੋਂ ਬਾਅਦ ਭਾਰਤ ਵਿੱਚ ਇੱਥੇ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ 13 ਹੋ ਗਈ ਹੈ। ਭੂਪੇਂਦਰ ਯਾਦਵ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ।
ਜਾਣਕਾਰੀ ਮੁਤਾਬਕ ਦੱਖਣੀ ਅਫਰੀਕਾ ਤੋਂ ਆਈ ਮਾਦਾ ਚੀਤਾ ਗਾਮਿਨੀ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ‘ਚ 5 ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਛੋਟੇ ਬੱਚਿਆਂ ਦੇ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿੱਥੇ ਪਾਰਕ ਦੇ ਅੰਦਰ ਮਾਦਾ ਚੀਤਾ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਇਸ ਖੁਸ਼ਖਬਰੀ ਨਾਲ ਭਾਰਤ ਦੀ ਧਰਤੀ ‘ਤੇ ਪੈਦਾ ਹੋਣ ਵਾਲੇ ਚੀਤਿਆਂ ਦੀ ਗਿਣਤੀ 13 ਹੋ ਗਈ ਹੈ। ਦੇਸ਼ ਵਿੱਚ ਚੀਤੇ ਦੀ ਕੁੱਲ ਗਿਣਤੀ 13 ਬੱਚਿਆਂ ਸਮੇਤ 26 ਹੋ ਗਈ ਹੈ।
ਕੁਨੋ ਪਾਰਕ ਵਿੱਚ ਸ਼ਾਵਕਾਂ ਨੂੰ ਜਨਮ ਦੇਣ ਵਾਲੀ ਮਾਦਾ ਚੀਤਾ ਗਾਮਿਨੀ ਨੂੰ ਦੱਖਣੀ ਅਫਰੀਕਾ ਦੇ ਤਵਾਲੂ ਕਾਲਹਾਰੀ ਰਿਜ਼ਰਵ ਤੋਂ ਭਾਰਤ ਲਿਆਂਦਾ ਗਿਆ ਸੀ। ਗਾਮਿਨੀ ਦੀ ਉਮਰ ਫਿਲਹਾਲ 5 ਸਾਲ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 17 ਸਤੰਬਰ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਨਾਈਜੀਰੀਆ ਤੋਂ ਅੱਠ ਚੀਤਿਆਂ ਨੂੰ ਛੱਡਿਆ ਸੀ। ਇਸ ਦੇ ਨਾਲ ਹੀ ਦੇਸ਼ ਵਿੱਚ ਲੁਪਤ ਹੋ ਚੁੱਕੇ ਚੀਤਿਆਂ ਨੂੰ ਮੁੜ ਸੰਭਾਲਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ 18 ਫਰਵਰੀ 2023 ਨੂੰ ਦੱਖਣੀ ਅਫਰੀਕਾ ਤੋਂ 12 ਚੀਤੇ ਲਿਆਂਦੇ ਗਏ ਅਤੇ ਨੈਸ਼ਨਲ ਪਾਰਕ ਵਿੱਚ ਛੱਡੇ ਗਏ।
ਇਹ ਵੀ ਪੜ੍ਹੋ : ਪੈਰਿਸ ਓਲੰਪਿਕ ਤੋਂ ਬਾਹਰ ਹੋਏ ਪਹਿਲਵਾਨ ਬਜਰੰਗ ਪੁਨੀਆ, ਰਵੀ ਦਹੀਆ ਨੂੰ ਵੀ ਮਿਲੀ ਹਾਰ
ਤੁਹਾਨੂੰ ਦੱਸ ਦੇਈਏ ਕਿ ਚੀਤਾ ਪ੍ਰਾਜੈਕਟ ਦੇ ਤਹਿਤ ਕੂਨੋ ਨੈਸ਼ਨਲ ਪਾਰਕ ਵਿੱਚ ਲਿਆਂਦੇ ਗਏ ਚੀਤਿਆਂ ਵਿੱਚੋਂ 10 ਦੀ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਚੁੱਕੀ ਹੈ। 16 ਜਨਵਰੀ ਨੂੰ ਚੀਤਾ ਸ਼ੌਰਿਆ ਦੀ ਮੌਤ ਨਾਲ ਪਾਰਕ ਵਿੱਚ ਕੁੱਲ 10 ਚੀਤਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 10 ਚੀਤਿਆਂ ਵਿਚ 3 ਸ਼ਾਵਕ ਵੀ ਸਨ ਜੋ ਪਾਰਕ ਵਿਚ ਹੀ ਪੈਦਾ ਹੋਏ ਸਨ। ਮਾਦਾ ਚੀਤਾ ਜਵਾਲਾ ਨੇ 4 ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ‘ਚੋਂ 3 ਬੱਚਿਆਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਜਵਾਲਾ ਦਾ ਇੱਕ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਪਾਰਕ ਵਿੱਚ ਹੀ ਮੌਜੂਦ ਹੈ।
ਵੀਡੀਓ ਲਈ ਕਲਿੱਕ ਕਰੋ -: