ਜੇਕਰ ਤੁਸੀਂ ਵੀ ਇਸ ਸਾਲ ਅਮਰਨਾਥ ਯਾਤਰਾ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਤੀਰਥਯਾਤਰੀਆਂ ਲਈ ਕੋਲਡ ਡਰਿੰਕਸ, ਕਰੰਚੀ ਸਨੈਕਸ, ਡੀਪ ਫਰਾਈ ਤੇ ਫਾਸਟ ਫੂਡ ਆਈਟਮਾਂ, ਜਲੇਬੀ-ਹਲਵੇ ਵਰਗੀਆਂ ਭਾਰੀ ਮਿਠਾਈਆਂ, ਪੂਰੀਆਂ, ਛੋਲੇ-ਭਟੂਰੇ ਵਰਗੀਆਂ ਚੀਜ਼ਾਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।
ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਵੱਲੋਂ ਜਾਰੀ ਕੀਤੀ ਗਈ ਸਲਾਨਾ ਯਾਤਰਾ ਲਈ ਆਪਣੀ ਸਿਹਤ ਸਲਾਹ ਵਿੱਚ ਕਈ ਖਾਣਿਆਂ ਦੀਆਂ ਚੀਜ਼ਾਂ ‘ਤੇ ਪਾਬੰਦੀ ਲਗਾਈ ਗਈ ਹੈ ਜੋ ਮੁਸ਼ਕਲ ਯਾਤਰਾ ‘ਤੇ ਸ਼ਰਧਾਲੂਆਂ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ।
ਇਸ ਦੇ ਲਈ ਇੱਕ ਵਿਸਥਾਰ ਨਾਲ ਭੋਜਨ ਮੀਨੂ ਤਿਆਰ ਕੀਤਾ ਗਿਆ ਹੈ, ਜੋ ਕਿ ਸ਼ਰਧਾਲੂਆਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਭੋਜਨ ਦੀ ਸੇਵਾ ਅਤੇ ਵੇਚਣ ਲਈ ਯਾਤਰਾ ਖੇਤਰ ਵਿੱਚ ਆਉਣ ਵਾਲੇ ਲੰਗਰ ਸੰਗਠਨਾਂ, ਭੋਜਨ ਸਟਾਲਾਂ, ਦੁਕਾਨਾਂ ਅਤੇ ਹੋਰ ਅਦਾਰਿਆਂ ‘ਤੇ ਲਾਗੂ ਹੋਵੇਗਾ। ਇਹ ਕਦਮ 14 ਕਿਲੋਮੀਟਰ ਲੰਬੀ ਚੁਣੌਤੀਪੂਰਨ ਯਾਤਰਾ ‘ਤੇ ਸ਼ਰਧਾਲੂਆਂ ਨੂੰ ‘ਗੈਰ-ਸਿਹਤਮੰਦ’ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰੱਖਣ ਲਈ ਚੁੱਕਿਆ ਗਿਆ ਹੈ, ਜੋ ਕਿ ਬਹੁਤ ਉੱਚਾਈ ਅਤੇ ਪਹਾੜੀ ਇਲਾਕਿਆਂ ਤੋਂ ਲੰਘਦਾ ਹੈ।
ਅਮਰਨਾਥ ਯਾਤਰਾ ਦੌਰਾਨ 2022 ਵਿੱਚ ਕੁਦਰਤੀ ਕਾਰਨਾਂ ਕਰਕੇ ਲਗਭਗ 42 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਸਰਕਾਰ ਨੇ ਸਿਹਤ ਸਰਟੀਫਿਕੇਟ ਦੀ ਲਾਜ਼ਮੀ ਲੋੜ ‘ਤੇ ਜ਼ੋਰ ਦਿੱਤਾ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਰੱਖਣ ਲਈ ਯਾਤਰਾ ਮਾਰਗ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਆਕਸੀਜਨ ਬੂਥ ਸਥਾਪਤ ਕਰਨ ਅਤੇ ਹਸਪਤਾਲ ਬਣਾਉਣ ਵਰਗੇ ਕਦਮ ਚੁੱਕੇ। ਪਿਛਲੇ ਸਾਲ ਤੋਂ ਯਾਤਰੀਆਂ ਨੂੰ ਟਰੈਕ ਕਰਨ ਲਈ RFID ਟੈਗਸ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਇਸ ਸੰਦਰਭ ਵਿੱਚ ਇਹ ਕਦਮ ਇਸ ਸਾਲ ਸ਼ਰਧਾਲੂਆਂ ਨੂੰ ਤੰਦਰੁਸਤ ਰਹਿਣ ਲਈ ‘ਸਹੀ ਭੋਜਨ’ ਯਕੀਨੀ ਬਣਾਉਣ ਲਈ ਚੁੱਕਿਆ ਜਾ ਰਿਹਾ ਹੈ।
ਅਮਰਨਾਥ ਯਾਤਰਾ 2023 ਦਾ ਨਵਾਂ ਭੋਜਨ ਮੀਨੂ ਧਾਰਮਿਕ ਕਾਰਨਾਂ ਕਰਕੇ ਮਾਸਾਹਾਰੀ ਭੋਜਨ, ਸ਼ਰਾਬ, ਤੰਬਾਕੂ, ਗੁਟਖਾ, ਪਾਨ ਮਸਾਲਾ, ਸਿਗਰਟਨੋਸ਼ੀ ਅਤੇ ਹੋਰ ਨਸ਼ੀਲੇ ਪਦਾਰਥਾਂ ‘ਤੇ ਪਾਬੰਦੀ ਲਗਾਉਂਦਾ ਹੈ। ਇਸ ਵਿੱਚ ਹੁਣ ਕੋਲਡ ਡਰਿੰਕਸ ‘ਤੇ ਵੀ ਪਾਬੰਦੀ ਹੈ, ਪਰ ਸ਼ਰਧਾਲੂਆਂ ਨੂੰ ਹਰਬਲ ਚਾਹ, ਕੌਫੀ, ਘੱਟ ਫੈਟ ਵਾਲੀਆਂ ਡ੍ਰਿੰਕਸ ਪੀਣ ਦੀ ਇਜਾਜ਼ਤ ਹੈ। ਦੁੱਧ, ਫਲਾਂ ਦੇ ਰਸ, ਨਿੰਬੂ ਸਕੁਐਸ਼ ਅਤੇ ਸਬਜ਼ੀਆਂ ਦੇ ਸੂਪ ਦੀ ਇਜਾਜ਼ਤ ਹੈ।
ਭਾਰੀ ਪੁਲਾਵ/ਤਲੇ ਹੋਏ ਚੌਲਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਆਮ ਚੌਲਾਂ ਦੇ ਨਾਲ, ਤੁਸੀਂ ਹਲਕਾ ਭੋਜਨ ਜਿਵੇਂ ਭੁੰਨੇ ਹੋਏ ਛੋਲੇ, ਪੋਹਾ, ਉਤਪਮ, ਇਡਲੀ ਦੇ ਨਾਲ-ਨਾਲ ਆਮ ਦਾਲ-ਰੋਟੀ ਅਤੇ ਚਾਕਲੇਟ ਖਾ ਸਕਦੇ ਹੋ। ਖੀਰ, ਓਟਸ, ਸੁੱਕੇ ਮੇਵੇ, ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦਾ ਹੈ ਪਰ ਅਮਰਨਾਥ ਪਵਿੱਤਰ ਗੁਫਾ ਦੇ ਰਸਤੇ ‘ਤੇ ਭਾਰੀ ਫਾਸਟ ਫੂਡ ਜਿਵੇਂ ਛੋਲੇ, ਪੂਰੀਆਂ, ਪਿੱਜ਼ਾ, ਬਰਗਰ, ਡੋਸਾ, ਚਾਉਮਿਨ ਦੇ ਨਾਲ-ਨਾਲ ਹੋਰ ਤਲੇ ਹੋਏ ਭੋਜਨਾਂ ਦੀ ਮਨਾਹੀ ਹੈ।
ਇਹ ਵੀ ਪੜ੍ਹੋ : ਸ਼ੈਰੀ ਮਾਨ ਨੇ ਗਾਇਕੀ ਛੱਡਣ ਦੇ ਦਿੱਤੇ ਸੰਕੇਤ, ਪੋਸਟ ਪਾ ਲਿਖਿਆ-‘ਆਉਣ ਵਾਲੀ ਐਲਬਮ ਆਖਰੀ, ਪਿਆਰ ਦੇਣ ਲਈ ਸ਼ੁਕਰੀਆ’
ਮੀਨੂ ਵਿੱਚ ਹਲਵਾ, ਜਲੇਬੀ, ਗੁਲਾਬ ਜਾਮੁਨ, ਲੱਡੂ, ਖੋਆ ਬਰਫੀ ਅਤੇ ਰਸਗੁੱਲਾ ਵਰਗੀਆਂ ਸਾਰੀਆਂ ਮਿਠਾਈਆਂ ਵਾਲੀਆਂ ਚੀਜ਼ਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਕਰੰਚੀ ਸਨੈਕਸ, ਚਿਪਸ, ਮੱਠੀ, ਨਮਕੀਨ ਮਿਸ਼ਰਣ, ਪਕੌੜੇ, ਸਮੋਸੇ, ਤਲੇ ਹੋਏ ਸੁੱਕੇ ਮੇਵੇ ਅਤੇ ਜ਼ਿਆਦਾ ਚਰਬੀ ਵਾਲੀਆਂ ਹੋਰ ਡੀਪ ਫਰਾਈ ਵਾਲੀਆਂ ਚੀਜ਼ਾਂ ‘ਤੇ ਵੀ ਪਾਬੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰਨਾਥ ਯਾਤਰਾ ‘ਚ ਵੱਖ-ਵੱਖ ਥਾਵਾਂ ‘ਤੇ ਲੰਗਰਾਂ ਦੇ ਨਾਲ-ਨਾਲ ਯਾਤਰਾ ਦੌਰਾਨ ਆਉਣ ਵਾਲੀਆਂ ਦੁਕਾਨਾਂ ਅਤੇ ਖਾਣ-ਪੀਣ ਦੇ ਸਟਾਲਾਂ ‘ਤੇ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: