ਪਟਿਆਲਾ ਵਿੱਚ ਬੁੱਧਵਾਰ ਪਏ ਭਾਰੀ ਮੀਂਹ ਦਾ ਕਹਿਰ ਪਾਤੜਾਂ ਦੇ ਇੱਕ ਪਰਿਵਾਰ ‘ਤੇ ਪਿਆ ਜਿਥੇ ਛੱਤ ਡਿੱਗਣ ਨਾਲ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਪੰਜਵਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਰਾਜੂ (42), ਪਤਨੀ ਸੁਨੀਤਾ (36), ਪੁੱਤਰ ਅਮਨ (18) ਅਤੇ ਬੇਟੀ ਊਸ਼ਾ (11) ਵਜੋਂ ਹੋਈ ਹੈ। ਹਾਦਸੇ ਵਿੱਚ ਰਾਜੂ ਦੇ ਦੂਜੇ ਪੁੱਤਰ ਵਿਕਾਸ (15) ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਜ਼ਖਮੀ ਵਿਕਾਸ ਨੂੰ ਤੁਰੰਤ ਪਾਤੜਾਂ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਪੁਲਿਸ ਮੁਤਾਬਕ ਇਹ ਹਾਦਸਾ ਪਾਤੜਾਂ ਦੇ ਜਾਖਲ ਰੋਡ ’ਤੇ ਧਾਨਕ ਬਸਤੀ ਵਿਖੇ ਵਾਪਰਿਆ, ਜਿਥੇ ਪੰਜ ਜੀਆਂ ਦਾ ਪਰਿਵਾਰ ਪਿਛਲੇ 10 ਮਹੀਨਿਆਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪਾਤੜਾਂ ਥਾਣੇ ਦੇ ਇੰਚਾਰਜ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 6 ਵਜੇ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੌਂ ਰਹੇ ਸਨ। ਉਸ ਵੇਲੇ ਘਰ ਦੀ ਪਿਛਲੀ ਕੰਧ ਦੱਬ ਗਈ, ਜਿਸ ਤੋਂ ਬਾਅਦ ਘਰ ਦੀ ਛੱਤ ਇਨ੍ਹਾਂ ਸਾਰੇ ਸੁੱਤੇ ਪਏ ਲੋਕਾਂ ‘ਤੇ ਡਿੱਗ ਗਈ।
ਇਹ ਵੀ ਪੜ੍ਹੋ : ਅੰਬਾਲਾ : ਪਿੰਡ ਬਬਿਆਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁਰਦੁਆਰਾ ਸਾਹਿਬ ‘ਚ ਪਾੜੇ ਹੋਏ ਮਿਲੇ ਅੰਗ
ਰਾਜੂ, ਉਸ ਦੀ ਪਤਨੀ ਸੁਨੀਤਾ, ਪੁੱਤਰ ਅਮਨ ਅਤੇ ਧੀ ਊਸ਼ਾ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਦੂਜੇ ਪਾਸੇ ਰਾਜੂ ਦਾ ਦੂਜਾ ਲੜਕਾ ਵਿਕਾਸ ਸਿਰ ਵਿੱਚ ਸੱਟ ਲੱਗਣ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਅਤੇ ਡੇਰਾ ਸਿਰਸਾ ਦੇ ਵਲੰਟੀਅਰਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ।
ਪੁਲਿਸ ਮੁਤਾਬਕ ਰਾਜੂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕਸਬਾ ਸੰਧਾਂ ਦਾ ਰਹਿਣ ਵਾਲਾ ਸੀ ਪਰ ਉਹ ਆਪਣੇ ਪਰਿਵਾਰ ਸਣੇ ਪਾਤੜਾਂ ਵਿੱਚ ਰਹਿੰਦਾ ਸੀ ਅਤੇ ਸਥਾਨਕ ਅਨਾਜ ਮੰਡੀ ਵਿੱਚ ਪੱਲੇਦਾਰ ਦਾ ਕੰਮ ਕਰਦਾ ਸੀ। ਸਟੇਸ਼ਨ ਇੰਚਾਰਜ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਪਾਤੜਾਂ ‘ਚ ਭਾਰੀ ਮੀਂਹ ਪਿਆ ਹੈ। ਇਸ ਕਰਕੇ ਮਕਾਨ ਦੀ ਕੰਧ ਡਿੱਗਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸੀਆਰਪੀਸੀ ਦੀ ਧਾਰਾ 174 ਤਹਿਤ ਕੇਸ ਦਰਜ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਸ਼ੁਤਰਾਣਾ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: