ਗੁਰਦਾਸਪੁਰ ਦੀ ਬਟਾਲਾ ਪੁਲਿਸ ਨੇ ਅਗਵਾ ਕੀਤੇ ਗਏ ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਛੁਡਵਾ ਲਿਆ ਹੈ ਅਤੇ ਅਗਵਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਮਾਮਲੇ ਵਿੱਚ ਦੋਸਤ ਨੇ ਹੀ ਆਪਣੇ ਦੋਸਤ ਨੂੰ ਅਗਵਾ ਕਰਾਇਆ ਸੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਦੇ ਜੋਬਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਜੋਧਾਂਨੰਗਲ ਨੇ ਥਾਣਾ ਸ਼ਹਿਰੀ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਭਰਾ ਪ੍ਰਭਦੀਪ ਬਟਾਲਾ ਆਪਣੇ ਸੁਰੇਸ਼ ਨਾਮ ਦੇ ਦੋਸਤ ਨੂੰ ਮਿਲਣ ਆਇਆ ਸੀ ਪਰ ਘਰ ਨਹੀਂ ਪਰਤਿਆ। ਕਾਫੀ ਦੇਰ ਉਡੀਕਣ ਮਗਰੋਂ ਪ੍ਰਭਦੀਪ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਦੋਸਤ ਸੁਰੇਸ਼ ਨਾਲ ਸੰਪਰਕ ਕੀਤਾ ਤਾਂ ਸੁਰੇਸ਼ ਨੇ ਜਵਾਬ ਦਿੱਤਾ ਕਿ ਇੱਥੇ ਕਿਤੇ ਹੀ ਹੋਵੇਗਾ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਹ ਸੁਰੇਸ਼ ਕੁਮਾਰ ਨਾਲ ਮਿਲ ਕੇ ਆਪਣੇ ਭਰਾ ਦੀ ਭਾਲ ਕਰਦਾ ਰਿਹਾ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਸਮੇਤ ਦੋ ਵਿਅਕਤੀ ਰਜਿੰਦਰ ਸਿੰਘ ਵਾਸੀ ਗੁਮਟਾਲਾ ਰੋਡ ਅੰਮ੍ਰਿਤਸਰ ਅਤੇ ਵੱਸਣ ਸਿੰਘ ਵਾਸੀ ਪਿੰਡ ਮੋਨੀਆਂ ਕੋਹਾੜਾ ਅੰਮ੍ਰਿਤਸਰ ਦੇਹਟੀ 11 ਅਪਰੈਲ ਨੂੰ ਲਾਪਤਾ ਹਨ ਅਤੇ ਤਿੰਨੋਂ ਹੀ ਅਗਵਾ ਹੋ ਗਏ ਹਨ। ਕਿਸੇ ਨੇ ਅਗਵਾ ਕੀਤੇ ਗਏ ਵਿਅਕਤੀਆਂ ਵਿੱਚੋਂ ਰਾਜਿੰਦਰ ਸਿੰਘ ਦੀ ਪਤਨੀ ਮੋਨਿਕਾ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 2.5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਫਿਰੌਤੀ ਦੀ ਰਕਮ ਲੈਣ ਤੋਂ ਬਾਅਦ ਹੀ ਤਿੰਨਾਂ ਨੂੰ ਛੱਡਣ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : ਗੂਗਲ ਟਰਾਂਸਲੇਟ ਨਾਲ ਹੋਇਆ ਬੇੜਾ ਗਰਕ! ਰੇਲਵੇ ਨੇ ਟ੍ਰੇਨ ਨੂੰ ਬਣਾ ਦਿੱਤਾ ‘ਕ/ਤਲ ਐਕਸਪ੍ਰੈੱਸ’
ਐਸਐਸਪੀ ਨੇ ਦੱਸਿਆ ਕਿ ਕੇਸ ਦਰਜ ਕਰਕੇ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਦੀ ਨਿਗਰਾਨੀ ਹੇਠ ਟੀਮ ਬਣਾਈ ਗਈ ਸੀ, ਜਿਸ ਵਿੱਚ ਐਸ.ਐਚ.ਓ ਸਿਟੀ ਖੁਸ਼ਬੂ ਸ਼ਰਮਾ ਸ਼ਾਮਲ ਸਨ। ਜਾਂਚ ਦੌਰਾਨ ਪੁਲਿਸ ਟੀਮ ਨੂੰ ਸੁਰੇਸ਼ ਕੁਮਾਰ ਦੇ ਇਰਾਦਿਆਂ ‘ਤੇ ਸ਼ੱਕ ਹੋਇਆ ਅਤੇ ਉਸ ਦੇ ਫੋਨ ਦੀ ਲੋਕੇਸ਼ਨ ਨੇ ਪੁਲਿਸ ਦੇ ਸ਼ੱਕ ਨੂੰ ਹੋਰ ਮਜ਼ਬੂਤ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਗਾਜ਼ੀ ਭਰਵਾਂ ਜ਼ਿਲ੍ਹਾ ਪਠਾਨਕੋਟ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਅਗਵਾ ਕੀਤੇ ਗਏ ਤਿੰਨਾਂ ਵਿਅਕਤੀਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਅਗਵਾਕਾਰ ਭੂਸ਼ਨ ਸਿੰਘ ਵਾਸੀ ਗਾਜੀਭਰਵਾਂ ਪਠਾਕੋਟ ਅਤੇ ਸੁਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਵੀ ਜ਼ਬਤ ਕਰ ਲਈ ਗਈ ਹੈ।
ਪੁਲਿਸ ਨੇ ਦੱਸਿਆ ਕਿ ਅਗਵਾਕਾਰ ਰਜਿੰਦਰ ਸਿੰਘ ਦੀ ਪਤਨੀ ਮੋਨਿਕਾ ਤੋਂ 2.5 ਕਰੋੜ ਦੀ ਫਿਰੌਤੀ ਮੰਗਣ ਵਾਲਾ ਵੀ ਅਗਵਾਕਾਰ ਭੂਸ਼ਣ ਸਿੰਘ ਦਾ ਪੁੱਤਰ ਵੀਰ ਸਿੰਘ ਸੀ, ਜਿਸ ਦੀ ਉਮਰ 26 ਸਾਲ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਸਪੇਨ ਵਿੱਚ ਰਹਿ ਰਿਹਾ ਹੈ। ਇਸ ਅਗਵਾ ਕਾਂਡ ਵਿੱਚ ਭੂਸ਼ਣ ਸਿੰਘ ਨੇ ਬੜੀ ਚਲਾਕੀ ਨਾਲ ਆਪਣੇ ਪੁੱਤਰ ਤੋਂ ਫਿਰੌਤੀ ਲਈ ਕਾਲ ਕਰਾਈ। ਹੁਣ ਉਸ ਨੂੰ ਵੀ ਇਸ ਸਾਜ਼ਿਸ਼ ਵਿੱਚ ਦੋਸ਼ੀ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: