ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਇਸ ਤਹਿਤ ਗਰੁੱਪ ਬੀਮਾ ਯੋਜਨਾ ਦੀਆਂ ਦਰਾਂ ਵਿਚ ਫੇਰਬਦਲ ਕੀਤਾ ਗਿਆ ਹੈ। 32 ਸਾਲ ਬਾਅਦ ਇਸ ਯੋਜਨਾ ਵਿਚ ਸੋਧ ਕੀਤੀ ਗਈ ਹੈ।
ਗਰੁੱਪ ਬੀਮਾ ਯੋਜਨਾ ਦੀ ਰਾਸ਼ੀ ਵਿਚ 4 ਗੁਣਾ ਵਾਧਾ ਕੀਤਾ ਗਿਆ ਹੈ ਤੇ ਇਹ ਵਾਧਾ 1 ਜਨਵਰੀ 2023 ਤੋਂ ਲਾਗੂ ਹੋਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਚੀਮਾ ਨੇ ਕਿਹਾ ਕਿ ਇਹ ਯੋਜਨਾ ਇਸ ਲਈ ਲਾਗੂ ਕੀਤੀ ਗਈ ਕਿਉਂਕਿ ਮੁਲਾਜ਼ਮਾਂ ਦੇ ਭਵਿੱਖ ਨੂੰ ਸੰਵਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ ਸਰਕਾਰ ਕੋਲੋਂ ਮੰਗ ਕਰ ਰਹੀਆਂ ਸਨ ਕਿ ਗਰੁੱਪ ਬੀਮਾ ਯੋਜਨਾ ਦੀ ਰਾਸ਼ੀ ਵਿਚ ਵਾਧਾ ਕੀਤਾ ਜਾਵੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੇਵਾਮੁਕਤ ਦੇ ਸਮੇਂ ਪਹਿਲਾਂ 15,000 ਤੋਂ 1 ਲੱਖ 20000 ਰੁਪਏ ਦੀ ਅਦਾਇਗੀ ਦਿੱਤੀ ਜਾਂਦੀ ਸੀ ਜਿਸ ਨੂੰ ਹੁਣ ਵਧਾ ਕੇ 4 ਲੱਖ 80,000 ਰੁਪਏ ਕਰ ਦਿੱਤਾ ਗਿਆ ਹੈ ਜੋ ਕਿ 1 ਜਨਵਰੀ 2023 ਤੋਂ ਅਮਲ ਵਿਚ ਲਿਆਂਦਾ ਜਾਵੇਗਾ। ਮੌਜੂਦਾ ਸਮੇਂ ਵਿਚ ਗਰੁੱਪ ਏ ਦੇ ਅਫਸਰਾਂ ਦੇ 120 ਰੁਪਏ ਜੀਆਈਐੱਸ ਦੇ ਰੂਪ ਵਿਚ ਸੈਲਰੀ ਵਿਚੋਂ ਕਟੌਤੀ ਕੀਤੀ ਜਾਂਦੀ ਹੈ ਤੇ ਇਸ ਦੀ ਅਦਾਇਗੀ 1 ਲੱਖ 20,000 ਰੁਪਏ ਦੀ ਦਿੱਤੀ ਜਾਂਦੀ ਹੈ ਤੇ ਅਗਲੇ ਸਾਲ ਇਹ ਕਟੌਤੀ 480 ਰੁਪਏ ਪ੍ਰਤੀ ਮਹੀਨੇ ਹੋਵੇਗੀ ਤੇ ਅਦਾਇਗੀ 4 ਲੱਖ 80,000 ਰੁਪਏ ਕਰ ਦਿੱਤੀ ਜਾਵੇਗੀ।
ਗਰੁੱਪ ਬੀ ਦੇ ਮੁਲਾਜ਼ਮਾਂ ਦੀ ਇਹ ਰਾਸ਼ੀ ਦਰ 60 ਰੁਪਏ ਹੈ ਤੇ ਅਦਾਇਗੀ 60,000 ਰੁਪਏ ਦੀ ਦਿੱਤੀ ਜਾਂਦੀ ਹੈ। ਜਿਸ ਨੂੰ ਵਧਾ ਕੇ 240 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ ਤੇ ਅਦਾਇਗੀ 2 ਲੱਖ 40 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਗਰੁੱਪ ਸੀ ਦੇ ਮੁਲਾਜ਼ਮਾਂ ਦੀ ਤਨਖਾਹ ਵਿਚ ਕਟੌਤੀ ਪਹਿਲਾਂ 30 ਰੁਪਏ ਸੀ ਤੇ ਅਦਾਇਗੀ 30,000 ਰੁਪਏ ਸੀ ਜਿਸ ਨੂੰ ਵਧਾ ਕੇ ਹੁਣ 120 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ ਤੇ ਅਦਾਇਗੀ 1 ਲੱਖ 20,000 ਰੁਪਏ ਕਰ ਦਿੱਤੀ ਗਈ ਹੈ। ਗਰੁੱਪ ਡੇ ਲਈ ਇਹ ਦਰ 15 ਰੁਪਏ ਸੀ ਤੇ ਅਦਾਇਗੀ 15,000 ਸੀ ਜੋ ਵਧਾ ਕੇ 60 ਰੁਪਏ ਕਰ ਦਿੱਤੀ ਗਈ ਹੈ ਤੇ ਅਦਾਇਗੀ 60,000 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਭਵਿੱਖ ਦੇ ਮੱਦੇਨਜ਼ਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: