ਆਮ ਆਦਮੀ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਭਾਰਤ ਸਰਕਾਰ ਵੱਲੋਂ ‘ਭਾਰਤ ਚੌਲ’ ਲਾਂਚ ਕੀਤਾ ਗਿਆ ਹੈ ਤੇ ਇਹ 29 ਰੁਪਏ ਪ੍ਰਤੀ ਕਿਲੋ ‘ਤੇ ਆਮ ਜਨਤਾ ਨੂੰ ਵੇਚਿਆ ਜਾਵੇਗਾ। ਇਸ ਦੀ ਵਿਕਰੀ ਅਗਲੇ ਹਫਤੇ ਤੋਂ ਖੁਦਰਾ ਬਾਜ਼ਾਰ ਵਿੱਚ ਸ਼ੁਰੂ ਹੋ ਜਾਏਗੀ। ਨਾਲ ਹੀ ਵਪਾਰੀਆਂ ਨੂੰ ਚੌਲ ਦੇ ਸਟੋਰੇਜ ਦਾ ਖੁਲਾਸਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਰਕਾਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਦੀਆਂਕੋਸ਼ਿਸ਼ਾਂ ਦੇ ਤਹਿਤੇ ਇਹ ਕਦਮ ਚੁੱਕੇ ਹਨ।
ਇਸ ਦੌਰਾਨ ਕੇਂਦਰੀ ਖੁਰਾਕ ਸਕੱਤਰ ਸਜੀਵ ਚੋਪੜਾ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀ ਬਰਾਮਦ ‘ਤੇ ਪਾਬੰਦੀਆਂ ਦੇ ਬਾਵਜੂਦ ਪਿਛਲੇ ਇੱਕ ਸਾਲ ਵਿੱਚ ਚੌਲ ਦੀ ਖੁਦਰਾ ਤੇ ਥੋਕ ਕੀਮਤਾਂ ਵਿੱਚ ਕਰੀਬ 15 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਦੋ ਸਹਿਕਾਰੀ ਸਭਾਵਾਂ, ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ ਇੰਡੀਆ (ਐੱਨ.ਸੀ.ਸੀ.ਐੱਫ.) ਦੇ ਨਾਲ-ਨਾਲ ਕੇਂਦਰੀ ਸਟੋਰਾਂ ਰਾਹੀਂ ਪ੍ਰਚੂਨ ਬਾਜ਼ਾਰ ਵਿੱਚ ਸਬਸਿਡੀ ਵਾਲੇ ‘ਭਾਰਤ ਚਾਵਲ’ ਦੀ ਸ਼ੁਰੂਆਤ ਕੀਤੀ ਹੈ। 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ‘ਭਾਰਤ ਰਾਈਸ’ ਫਲਿੱਪਕਾਰਟ ਅਤੇ ਐਮਾਜ਼ਾਨ ਵਰਗੀਆਂ ਈ-ਕਾਮਰਸ ਸਾਈਟਾਂ ‘ਤੇ ਵੀ ਲੋਕਾਂ ਲਈ ਉਪਲਬਧ ਹੋਵੇਗਾ।
ਜਾਣਕਾਰੀ ਮੁਤਾਬਕ ਭਾਰਤ ਚੌਲਾਂ ਦੀ ਵਿਕਰੀ ਨੈਫੇਡ, ਐਨਸੀਸੀਐਫ ਅਤੇ ਕੇਂਦਰੀ ਭੰਡਾਰ ਦੀਆਂ ਰਿਟੇਲ ਆਊਟਲੇਟਾਂ ਅਤੇ ਮੋਬਾਈਲ ਵੈਨਾਂ ਰਾਹੀਂ ਕੀਤੀ ਜਾਵੇਗੀ। ਭਵਿੱਖ ਵਿੱਚ ਇਹ ਰਿਟੇਲ ਚੇਨਾਂ ਅਤੇ ਈ-ਕਾਮਰਸ ਪਲੇਟਫਾਰਮਾਂ ‘ਤੇ ਵੀ ਉਪਲਬਧ ਹੋਵੇਗਾ। ਸਰਕਾਰ ਇਸ ਨੂੰ ਮੋਬਾਈਲ ਵੈਨਾਂ ਰਾਹੀਂ ਵੀ ਵੇਚੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਮੁਲਾਜ਼ਮਾਂ ਨੂੰ ਕੀਤਾ ਰਿਵਰਟ, ਵੇਖੋ ਲਿਸਟ
ਚੋਪੜਾ ਨੇ ਅੱਗੇ ਕਿਹਾ ਕਿ ‘ਭਾਰਤ ਰਾਈਸ’ ਦੇ 5 ਕਿਲੋ ਅਤੇ 10 ਕਿਲੋ ਦੇ ਪੈਕੇਟ ਅਗਲੇ ਹਫਤੇ ਤੋਂ ਉਪਲਬਧ ਹੋਣਗੇ। ਪਹਿਲੇ ਪੜਾਅ ਵਿੱਚ ਸਰਕਾਰ ਨੇ ਪ੍ਰਚੂਨ ਬਾਜ਼ਾਰ ਵਿੱਚ ਵਿਕਰੀ ਲਈ ਪੰਜ ਲੱਖ ਟਨ ਚੌਲ ਅਲਾਟ ਕੀਤੇ ਹਨ। ਸਰਕਾਰ ਪਹਿਲਾਂ ਹੀ ‘ਭਾਰਤ ਆਟਾ’ 27.50 ਰੁਪਏ ਪ੍ਰਤੀ ਕਿਲੋ ਅਤੇ ‘ਭਾਰਤ ਦਾਲ’ (ਚਨਾ) 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ। ਬਾਜ਼ਾਰ ‘ਚ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚੋਪੜਾ ਨੇ ਕਿਹਾ ਕਿ ਸਰਕਾਰ ਦੀ ਕਿਸੇ ਵੀ ਸਮੇਂ ਚੌਲਾਂ ਦੀ ਬਰਾਮਦ ‘ਤੇ ਪਾਬੰਦੀਆਂ ਹਟਾਉਣ ਦੀ ਕੋਈ ਯੋਜਨਾ ਨਹੀਂ ਹੈ। ਕੀਮਤਾਂ ਘੱਟ ਹੋਣ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ।
ਵੀਡੀਓ ਲਈ ਕਲਿੱਕ ਕਰੋ –