ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਹੋਈ ਗੋਲੀਬਾਰੀ ‘ਚ ਇਕ ਪੀ.ਐੱਚ.ਜੀ. ਜਵਾਨ ਸ਼ਹੀਦ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਨਿਹੰਗ ਸਿੰਘਾੰ ਨੂੰ ਨਾਮਜ਼ਦ ਕਰਕੇ 35-40 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ।
ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਆਰਪੀਸੀ ਦੀ ਧਾਰਾ 145 ਤਹਿਤ ਗੁਰਦੁਆਰਾ ਸਾਹਿਬ ਦਾ ਕਬਜ਼ਾ ਲੈਣ ਲਈ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ। ਗੁਰਦੁਆਰਾ ਸਾਹਿਬ ਦੇ ਸੰਚਾਲਨ ਲਈ ਜਲਦੀ ਹੀ ਇੱਕ ਰਿਸੀਵਰ ਨਿਯੁਕਤ ਕੀਤਾ ਜਾਵੇਗਾ।
ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਨਿਹੰਗਾਂ ਦੇ ਦੋ ਧੜਿਆਂ ਵੱਲੋਂ ਕਬਜ਼ੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਗਰਮਾ ਗਿਆ ਸੀ। ਵੀਰਵਾਰ ਸਵੇਰੇ ਜਦੋਂ ਪੁਲਿਸ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲੱਗੀ ਤਾਂ ਪੁਲਿਸ ‘ਤੇ ਪਥਰਾਅ ਅਤੇ ਗੋਲੀਬਾਰੀ ਕਰਕੇ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਸਮੇਤ 10 ਜਵਾਨ ਵੀ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਬਜ਼ਾਧਾਰੀ ਨਿਹੰਗਾਂ ਨਾਲ ਤਿੰਨ ਘੰਟੇ ਮੀਟਿੰਗ ਕੀਤੀ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਪ੍ਰਸ਼ਾਸਨ ਨੇ ਧਾਰਾ 145 ਤਹਿਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਨੂੰ ਕਬਜ਼ੇ ਵਿੱਚ ਲੈ ਲਿਆ।
ਇਹ ਵੀ ਪੜ੍ਹੋ : ਵ੍ਹਟਸਐਪ ਯੂਜਰਸ ਹੁਣ AI ਚੈਟਬਾਟ ਨਾਲ ਪਲਾਨ ਕਰਨ ਆਪਣੀ ਟ੍ਰਿਪ, ਹਰ ਸਵਾਲ ਦਾ ਮਿਲੇਗਾ ਫਟਾਫਟ ਜਵਾਬ
ਦੂਜੇ ਪਾਸੇ ਐਸਆਈ ਲਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੰਜ ਨਿਹੰਗਾਂ ਅਤੇ 35-40 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 307, 332, 333, 353, 186, 148, 149, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਵਿੱਚ ਬਾਬਾ ਮਾਨ ਸਿੰਘ ਬੁੱਢਾ ਦਲ ਪੁੱਤਰ ਤੇਜਾ ਸਿੰਘ ਵਾਸੀ ਹਰਿਆਣਾ, ਬਾਬਾ ਪਾਲ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਗੁਰਦਾਸਪੁਰ, ਬਲਦੇਵ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਰਨਤਾਰਨ, ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੁਧਿਆਣਾ ਅਤੇ ਅਵਤਾਰ ਸਿੰਘ ਪੁੱਤਰ ਪੁੱਤਰ ਛੋਟਾ ਸਿੰਘ ਵਾਸੀ ਮਾਨਸਾ ਦੱਸਿਆ ਗਿਆ ਹੈ।
ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਪੰਜ ਮੁਲਜ਼ਮਾਂ ਬਾਬਾ ਪਾਲ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ ਅਤੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –