ਦੇਸ਼ ਦੇ ਮਹਾਨ ਅਥਲੀਟ ਅਤੇ ਦੇਸ਼ ਦੇ ਪਹਿਲੇ ਅਰਜੁਨ ਐਵਾਰਡੀ ਗੁਰਬਚਨ ਸਿੰਘ ਰੰਧਾਵਾ ਨੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ 18 ਸਾਲ ਸੇਵਾ ਕਰਨ ਤੋਂ ਬਾਅਦ ਅਸਤੀਫਾ ਦੇਣ ਦਾ ਫੈਸਲਾ ਕੀਤਾ। ਓਲੰਪੀਅਨ ਰੰਧਾਵਾ ਨੇ ਹਾਲ ਹੀ ਵਿੱਚ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੂੰ ਪੱਤਰ ਲਿਖ ਕੇ ਆਪਣੀ ਮਰਜ਼ੀ ਨਾਲ ਅਹੁਦਾ ਛੱਡਣ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ।
85 ਸਾਲਾ ਰੰਧਾਵਾ ਨੇ ਕਿਹਾ ਕਿ ਹੁਣ ਉਹ ਆਪਣਾ 100 ਫੀਸਦੀ ਸਮਾਂ ਨਹੀਂ ਦੇ ਸਕਦੇ ਅਤੇ ਨੌਜਵਾਨ ਖਿਡਾਰੀਆਂ ਨੂੰ ਜ਼ਿੰਮੇਵਾਰੀ ਸੌਂਪਣ ਦਾ ਸਮਾਂ ਆ ਗਿਆ ਹੈ। ਭਾਰਤੀ ਅਥਲੈਟਿਕਸ ਨੇ ਗੁਰਬਚਨ ਸਿੰਘ ਰੰਧਾਵਾ ਦੇ ਅਧੀਨ ਕਈ ਮੀਲ ਪੱਥਰ ਸਥਾਪਿਤ ਕੀਤੇ, ਜਿਸ ਵਿੱਚ ਨੀਰਜ ਚੋਪੜਾ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਚੈਂਪੀਅਨ ਐਥਲੀਟ ਵੀ ਸ਼ਾਮਲ ਹੈ।
ਅੰਜੂ ਬੌਬੀ ਜਾਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਿਆ। ਇਸ ਤੋਂ ਇਲਾਵਾ ਭਾਰਤੀ ਐਥਲੀਟਾਂ ਨੇ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੇਫ ਖੇਡਾਂ, ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਭਾਰਤ ਦੇ ਪਹਿਲੇ ਅਰਜੁਨ ਐਵਾਰਡੀ ਅਥਲੀਟ ਗੁਰਬਚਨ ਸਿੰਘ ਰੰਧਾਵਾ ਨੇ ਕਿਹਾ ਕਿ ਐਥਲੈਟਿਕਸ ਉਨ੍ਹਾਂ ਦੇ ਖੂਨ ਵਿੱਚ ਹੈ ਅਤੇ ਉਹ ਖੁਸ਼ ਹਨ ਕਿ ਨੀਰਜ ਚੋਪੜਾ ਨੇ ਉਹ ਪ੍ਰਾਪਤੀ ਕੀਤੀ ਹੈ ਜੋ ਸੁਪਨਾ ਮਿਲਖਾ ਸਿੰਘ, ਪੀਟੀ ਊਸ਼ਾ ਵਰਗੇ ਅਥਲੀਟ ਨਹੀਂ ਕਰ ਸਕੇ।
ਰੰਧਾਵਾ ਨੇ 1962 ਦੀਆਂ ਜਕਾਰਤਾ ਏਸ਼ੀਅਨ ਖੇਡਾਂ ਵਿੱਚ ਡੇਕੈਥਲਨ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਨਾਲ ਉਹ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ 110 ਮੀਟਰ ਅੜਿੱਕਾ ਦੌੜ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੇ ਸਨ। ਰੰਧਾਵਾ ਨੂੰ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਵੀ ਮਿਲ ਚੁੱਕਾ ਹੈ। ਉਹ ਟੋਕੀਓ ਓਲੰਪਿਕ ਵਿੱਚ ਭਾਰਤੀ ਖੇਡ ਟੀਮ ਦਾ ਝੰਡਾਬਰਦਾਰ ਵੀ ਸਨ।
ਓਲੰਪੀਅਨ ਰੰਧਾਵਾ ਦਾ ਜਨਮ 6 ਜੂਨ 1939 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ (ਮਹਿਤਾ) ਵਿੱਚ ਹੋਇਆ ਸੀ। ਰੰਧਾਵਾ ਸੀਆਰਪੀਐਫ ਤੋਂ ਕਮਾਂਡੈਂਟ ਵਜੋਂ ਸੇਵਾਮੁਕਤ ਹੋਏ ਸਨ। ਆਪਣੇ ਕਰੀਅਰ ਵਿੱਚ ਉਹ ਅਥਲੀਟ ਹੋਣ ਤੋਂ ਇਲਾਵਾ ਕੋਚ, ਸਰਕਾਰੀ ਅਬਜ਼ਰਵਰ, ਚੋਣ ਕਮੇਟੀ ਦੇ ਚੇਅਰਮੈਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਖੇਡ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਕਾਬੂ, ਫਾਇਰਿੰਗ ਦਾ ਬਣਾਇਆ ਸੀ ਪਲਾਨ
ਰੰਧਾਵਾ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਮੇਜਰ ਟਹਿਲ ਸਿੰਘ ਰੰਧਾਵਾ, ਪਤਨੀ ਜਸਵਿੰਦਰ ਅਤੇ ਪੁੱਤਰ ਰਣਜੀਤ ਸਿੰਘ ਰੰਧਾਵਾ ਅਥਲੀਟ ਰਹਿ ਚੁੱਕੇ ਹਨ। ਜਦਕਿ ਭਰਾ ਹਰਭਜਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਰਹਿ ਚੁੱਕੇ ਹਨ।
ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਲੰਬੇ ਸਮੇਂ ਤੋਂ ਨਵੀਂ ਦਿੱਲੀ ਵਿੱਚ ਰਹਿਣ ਵਾਲੇ ਓਲੰਪੀਅਨ ਰੰਧਾਵਾ ਦੀ ਜੀਵਨੀ ‘ਉੜਨਾ ਬਾਜ਼’ ਲਿਖੀ ਗਈ ਹੈ। ਰੰਧਾਵਾ ਦੀ ਜੀਵਨੀ ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਬੋਰਡ ਦੀ ਸਰੀਰਕ ਸਿੱਖਿਆ ਪਾਠ ਪੁਸਤਕ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: