ਵਿਦੇਸ਼ ਜਾਣ ਦੀ ਚਾਹਵਾਨ ਇੱਕ ਹੋਰ ਪੰਜਾਬ ਦੇ ਮੁੰਡੇ ਨਾਲ ਉਸ ਦੀ ਪਤਨੀ ਧੋਖਾ ਕਰ ਗਈ। ਮਾਮਲਾ ਬਟਾਲਾ ਨੇੜਲੇ ਪਿੰਡ ਪੇਰੋਸ਼ਾਹ ਤੋਂ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਹਰਮਿੰਦਰ ਸਿੰਘ ਨੇ ਪਤਨੀ ਨੂੰ ਪੜ੍ਹਨ ਲਈ ਕੈਨੇਡਾ ਭੇਜਿਆ, ਪਰ ਉਥੇ ਜਾ ਕੇ ਉਹ ਮੁਕਰ ਗਈ।
ਇਸ ਸਬੰਧੀ ਪੀੜਤ ਪਰਿਵਾਰ ਦੀ ਤਰਫੋਂ ਪਰਿਵਾਰਕ ਮੈਂਬਰਾਂ ਨੇ ਐਸਐਸਪੀ ਦਫ਼ਤਰ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਬਟਾਲਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਕੁੜੀ ਨਾਲ ਹੋਇਆ ਸੀ। ਦੋਵੇਂ ਇਕੱਠੇ ਪੜ੍ਹਦੇ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਉਨ੍ਹਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ।
ਵਿਆਹ ਦੇ ਕਰੀਬ ਤਿੰਨ ਮਹੀਨੇ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ। ਪੀੜਤ ਪਤੀ ਨੇ ਦੱਸਿਆ ਕਿ ਦੋਵਾਂ ਨੇ ਚੰਗੇ ਭਵਿੱਖ ਦਾ ਸੁਪਨਾ ਦੇਖਿਆ ਸੀ ਅਤੇ ਉਸ ਨੇ ਆਪਣੀ ਪਤਨੀ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ। ਇਸ ਦੌਰਾਨ ਉਹ ਆਪਣੀ ਪਤਨੀ ਦੀ ਕਾਲਜ ਦੀ ਫੀਸ ਵੀ ਭਰਦਾ ਰਿਹਾ। ਇਸ ਦੇ ਲਈ ਉਸਨੇ ਆਪਣੀ ਜੱਦੀ ਜ਼ਮੀਨ ਵੀ ਵੇਚ ਦਿੱਤੀ।
ਹਰਮਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੀ ਪਤਨੀ ਉਸ ਨੂੰ ਕੈਨੇਡਾ ਲਿਜਾਣ ਲਈ ਕਹਿੰਦੀ ਰਹੀ। ਦੋ-ਤਿੰਨ ਵਾਰ ਉਸ ਨੇ ਫਾਈਲ ਵੀ ਲਾਈ ਪਰ ਕਾਗਜ਼ੀ ਕਾਰਵਾਈ ਅਧੂਰੀ ਹੋਣ ਕਾਰਨ ਉਸ ਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲ ਸਕਿਆ।
ਉਸ ਨੇ ਦੱਸਿਆ ਕਿ ਉਸ ਦੀ ਪਤਨੀ ਇਕ ਸਾਲ ਦੀ ਪੜ੍ਹਾਈ ਤੋਂ ਬਾਅਦ ਪੰਜਾਬ ਆਈ ਸੀ। ਜਦੋਂ ਉਹ ਇੱਥੋਂ ਗਈ ਤਾਂ ਉਹ ਗਰਭਵਤੀ ਸੀ। ਪਰ ਕੈਨੇਡਾ ਜਾ ਕੇ ਉਸ ਦੀ ਪਤਨੀ ਨੇ ਪਰਿਵਾਰ ਦੀ ਸਹਿਮਤੀ ਨਾਲ ਗਰਭਪਾਤ ਕਰਵਾ ਲਿਆ। ਹੁਣ ਉਸ ਦੇ ਕੈਨੇਡਾ ਰਹਿੰਦੇ ਦੋਸਤਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਨੇ ਕੈਨੇਡਾ ਵਿੱਚ ਦੂਜਾ ਵਿਆਹ ਕਰਵਾਇਆ ਹੈ।
ਇਹ ਵੀ ਪੜ੍ਹੋ : ਮਾਂ ਦਾ Joke ਸੁਣ ਕੇ 5 ਸਾਲਾਂ ਮਗਰੋਂ ‘ਨੀਂਦ’ ਤੋਂ ਜਾਗੀ ਔਰਤ, ਡਾਕਟਰ ਵੀ ਕਹਿੰਦੇ- ‘ਚਮਤਕਾਰ’
ਜਦੋਂ ਉਸ ਨੇ ਆਪਣੀ ਪਤਨੀ ਨਾਲ ਸੰਪਰਕ ਕੀਤਾ ਤਾਂ ਉਹ ਉਸ ਨਾਲ ਬਦਸਲੂਕੀ ਕਰਨ ਲੱਗੀ। ਪਤੀ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਹੁਣ ਉਸਦੀ ਪਤਨੀ ਨੇ ਉਸਦੇ ਸਾਰੇ ਫੋਨ ਨੰਬਰ ਬਲਾਕ ਕਰ ਦਿੱਤੇ ਹਨ। ਨੌਜਵਾਨ ਦੀ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਜੋ ਕਿ 12 ਸਾਲਾਂ ਤੋਂ ਕੈਨੇਡਾ ਜਾਣ ਦੀ ਆਸ ਰੱਖਦਾ ਸੀ, ਨਾਲ ਧੋਖਾ ਹੋਇਆ ਹੈ, ਜਿਸ ਨਾਲ ਉਸ ਦੇ ਦਿਲ ਨੂੰ ਕਾਫੀ ਠੇਸ ਪਹੁੰਚੀ ਹੈ।
ਸੁਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਐਸਐਸਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪੀੜਤ ਹਰਮਿੰਦਰ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –