ਇੰਟਰਨੈਸ਼ਨਲ ਕ੍ਰਿਮਿਨਲ ਕੋਰਟ (ICC) ਨੇ ਯੂਕਰੇਨ ਵਿੱਚ ਵਾਰ ਕ੍ਰਾਈਮ ਲਈ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਕੋਰਟ ਨੇ ਕਿਹਾ ਕਿ ਪੁਤਿਨ ਯੂਕਰੇਨੀ ਬੱਚਿਆਂ ਦੇ ਅਗਵਾ ਅਤੇ ਡਿਪੋਰਟੇਸ਼ਨ ਦੇ ਅਪਰਾਧ ਲਈ ਜ਼ਿੰਮੇਵਾਰ ਹਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮਿਰ ਜ਼ੇਲੇਂਸਕੀ ਨੇ ਇਸ ‘ਤੇ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ICC ਨੇ ਕਿਹਾ ਕਿ ਉਸ ਦੇ ਕੋਲ ਇਹ ਮੰਨਣ ਲਈ ਉਚਿਤ ਆਧਾਰ ਹੈ ਕਿ ਉਨ੍ਹਾਂ ਨਾ ਸਿਰਫ ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦਿੱਤਾ, ਸਗੋਂ ਇਸ ਵਿੱਚ ਦੂਜਿਆਂ ਦੀ ਵੀ ਮਦਦ ਕੀਤੀ। ਕੋਰਟ ਨੇ ਇਹ ਵੀ ਕਿਹਾ ਕਿ ਰੂਸੀ ਰਾਸ਼ਟਰਪਤੀ ਨੂੰ ਬੱਚਿਆਂ ਨੂੰ ਦੇਸ਼ ਨਿਕਾਲਾ ਕਰਨ ਵਾਲੇ ਹੋਰਨਾਂ ਲੋਕਾਂ ਨੂੰ ਰੋਕਣ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਵਿੱਚ ਨਾਕਾਮ ਰਹੇ।
ਰੂਸ ਨੇ 24 ਫਰਵਰੀ 2022 ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਯੂਕਰੇਨ ਕਈ ਵਾਰ ਰੂਸ ‘ਤੇ ਅੱਤਿਆਚਾਰ ਕਰਨ ਦੇ ਦੋਸ਼ ਲਾ ਚੁੱਕਾ ਹੈ। ਹਾਲਾਂਕਿ ਮਾਸਕੋ ਜੰਗ ਦੌਰਾਨ ਅੱਤਿਆਚਾਰ ਦੇ ਦੋਸ਼ਾਂ ਨੂੰ ਖਾਰਿਜ ਕਰਦਾ ਰਿਹ ਾਹੈ।
ICC ਦਾ ਕਹਿਣਾ ਹੈ ਕਿ ਯੂਕਰੇਨ ਦੇ ਇਲਾਕੇ ਤੋਂ ਬੱਚਿਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬੇਦਖਲ ਕੀਤਾ ਗਿਆ। ਰਿਪੋਰਟ ਮੁਤਾਬਕ ਅਦਾਲਤ ਨੇ ਰੂਸ ਦੀ ਚਾਈਲਡ ਰਾਈਟ ਕਮਿਸ਼ਨਰ ਮਾਰੀਆ ਲਾਵੋਵਾ-ਬੇਲੋਵਾ ਖਿਲਾਫ ਵੀ ਇਨ੍ਹਾਂ ਦੋਸ਼ਾਂ ਵਿੱਚ ਵਾਰੰਟ ਜਾਰੀ ਕੀਤਾ ਹੈ। ਮਨੁੱਖੀ ਅਧਿਕਾਰ ਗਰੁੱਪਾਂ ਨੇ ਕੋਰਟ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ : ਰਹੱਸਮਈ ਪਿੰਡ! ਇਥੇ ਪੈਦਾ ਹੁੰਦੇ ਸਿਰਫ਼ ਜੌੜੇ ਬੱਚੇ, ਵਿਗਿਆਨੀ ਵੀ ਨਹੀਂ ਪਤਾ ਸਕੇ ਕਾਰਨ
ਇਸ ਮਾਮਲੇ ਵਿੱਚ ਯੂਕਰੇਨ ਰਾਸ਼ਟਰਪਤੀ ਜ਼ੇਲੇਂਸਕੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਇਸ ਨੂੰ ਸਿਰਫ਼ ਇੱਕ ਸ਼ਰੂਆਤ ਦੱਸਿਆ ਹੈ। ਦੱਸ ਦੇਈਏ ਕਿ ICC ਪ੍ਰੋਸਿਕਿਊਟਰ ਕਰੀਮ ਖਾਨ ਨੇ ਇੱਕ ਸਾਲ ਪਹਿਲਾਂ ਯੂਕਰੇਨ ਵਿੱਚ ਸੰਭਾਵਿਤ ਜੰਗ ਅਪਰਾਧਾਂ, ਮਨੁੱਖਤਾ ਖਿਲਾਫ ਅਪਰਾਧਾਂ ਤੇ ਕਤਲੇਆਮ ਦੀ ਜਾਂਚ ਸ਼ੁਰੂ ਕੀਤੀ ਸੀ।
ICC ਨੇ ਇਹ ਵਾਰੰਟ ਜਾਰੀ ਤਾਂ ਕਰ ਦਿੱਤਾ ਹੈ, ਪਰ ਉਸ ਕੋਲ ਸ਼ੱਕੀਆਂ ਦੀ ਗ੍ਰਿਫਤਾਰੀ ਦੀ ਤਾਕਤ ਨਹੀਂ ਹੈ। ਉਹ ਸਿਰਫ਼ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਸਕਦਾ ਹੈ, ਜਿਨ੍ਹਾਂ ਨੇ ਇਸ ਕੋਰਟ ਦੀ ਸਥਾਪਨਾ ਕਰਨ ਵਾਲੇ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਰੂਸ ਨੇ ਦਸਤਖਤ ਨਹੀਂ ਕੀਤੇ ਹਨ। ਇਸ ਲਈ ਪੁਤਿਨ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ।
ਵੀਡੀਓ ਲਈ ਕਲਿੱਕ ਕਰੋ -: