2.2 million Facebook Instagram ads: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਡੋਨਾਲਡ ਟਰੰਪ ਅਤੇ ਜੋ ਬਿਡੇਨ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਫੇਸਬੁੱਕ ਦੇ ਉਪ-ਰਾਸ਼ਟਰਪਤੀ ਨਿਕ ਕਲੇਗ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ 2.2 ਮਿਲੀਅਨ ਦੇ ਇਸ਼ਤਿਹਾਰਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੋਟ ਪਾਉਣ ਵਿੱਚ ਰੁਕਾਵਟ ਬਣਨ ਵਾਲੀਆਂ 1,20,000 ਪੋਸਟਾਂ ਨੂੰ ਹਟਾ ਦਿੱਤਾ ਗਿਆ ਹੈ। ਉੱਥੇ ਹੀ ਗਲਤ ਜਾਣਕਾਰੀ ਦੇਣ ਲਈ 150 ਮਿਲੀਅਨ ਪੋਸਟਾਂ ‘ਤੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਫੇਸਬੁੱਕ ‘ਤੇ ਵੋਟਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ । ਉਸ ਦੌਰਾਨ ਚੋਣਾਂ ਵਿੱਚ ਡੋਨਾਲਡ ਟਰੰਪ ਰਾਸ਼ਟਰਪਤੀ ਚੁਣੇ ਗਏ ਸਨ । ਜਿਸ ਤੋਂ ਬਾਅਦ ਫੇਸਬੁੱਕ ਵੱਲੋਂ ਲਗਾਤਾਰ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਾਲ 2016 ਵਿੱਚ ਬ੍ਰਿਟੇਨ ਵਿੱਚ ਜਨਮਤ ਸੰਗ੍ਰਹਿ ਦੌਰਾਨ ਵੀ ਇਸੇ ਤਰ੍ਹਾਂ ਦੀ ਸਮੱਸਿਆ ਵੇਖੀ ਗਈ ਸੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਨਿਕ ਕਲੇਗ ਨੇ ਕਿਹਾ ਕਿ 35 ਹਜ਼ਾਰ ਕਰਮਚਾਰੀ ਸਾਡੇ ਪਲੇਟਫਾਰਮਸ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਕੰਮ ਕਰ ਰਹੇ ਹਨ। ਉਹ ਚੋਣਾਂ ਵਿੱਚ ਆਪਣੀ ਭਾਗੀਦਾਰੀ ਦੇ ਰਹੇ ਹਨ । ਉਨ੍ਹਾਂ ਦੱਸਿਆ ਕਿ ਜਾਣਕਾਰੀ ਨੂੰ ਸਾਂਝਾ ਕਰਨ ਲਈ ਅਸੀਂ 70 ਵਿਸ਼ੇਸ਼ ਮੀਡੀਆ ਸਮੂਹਾਂ ਨਾਲ ਭਾਈਵਾਲੀ ਕੀਤੀ ਹੈ।