Biden took first step: ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਐਤਵਾਰ ਨੂੰ ਵ੍ਹਾਈਟ ਹਾਊਸ ਦੀ ਜ਼ਿੰਮੇਵਾਰੀ ਸੰਭਾਲਣ ਵੱਲ ਪਹਿਲਾ ਕਦਮ ਚੁੱਕਿਆ । ਹਾਲਾਂਕਿ, ਡੋਨਾਲਡ ਟਰੰਪ ਨੇ ਹਾਲੇ ਤੱਕ ਆਪਣੀ ਹਾਰ ਨੂੰ ਸਵੀਕਾਰ ਕਰਨ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ ਅਤੇ ਚੋਣ ਨਤੀਜਿਆਂ ‘ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੇ ਹਨ। ਦੁਨੀਆ ਭਰ ਦੇ ਨੇਤਾਵਾਂ ਅਤੇ ਸਮਰਥਕਾਂ ਵੱਲੋਂ ਸ਼ੁੱਭਕਾਮਨਾਵਾਂ ਮਿਲਣ ਵਿਚਾਲੇ ਬਾਇਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਬਦਲਾਅ ਦੀ ਪ੍ਰਕਿਰਿਆ ਲਈ ਇੱਕ ਵੈਬਸਾਈਟ (BuildBackBetter.com) ਅਤੇ ਇੱਕ ਟਵਿੱਟਰ ਫੀਡ (@Transition46) ਦੀ ਸ਼ੁਰੂਆਤ ਕੀਤੀ।
ਦਰਅਸਲ, ਟਰੰਪ ਚੋਣ ਨਤੀਜਿਆਂ ਨੂੰ ਮੰਨਣ ਤੋਂ ਲਗਾਤਾਰ ਇਨਕਾਰ ਕਰ ਰਹੇ ਹਨ, ਜਦਕਿ ਰਿਪਬਲਿਕ ਪਾਰਟੀ ਦੇ ਬਹੁਗਿਣਤੀ ਸੰਸਦ ਮੈਂਬਰ ਇਸ ਮਾਮਲੇ ‘ਤੇ ਚੁੱਪ ਰਹੇ ਹਨ । ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਕਿਹਾ ਕਿ “ਨਤੀਜੇ ਸਪੱਸ਼ਟ ਹਨ।” ਉਨ੍ਹਾਂ ਨੇ ਬਾਇਡੇਨ ਨੂੰ ਚੁਣੇ ਗਏ ਰਾਸ਼ਟਰਪਤੀ ਬੁਲਾਉਂਦਿਆਂ ਕਮਲਾ ਹੈਰਿਸ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ ।
ਜਾਰਜ ਬੁਸ਼ ਨੇ ਕਿਹਾ, “ਟਰੰਪ ਨੂੰ ਮੁੜ ਕਾਊਂਟਿੰਗ ਦੀ ਬੇਨਤੀ ਕਰਨ ਅਤੇ ਇਸ ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਦਾ ਅਧਿਕਾਰ ਹੈ । ਅਮਰੀਕੀ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਚੋਣ ਬੁਨਿਆਦੀ ਤੌਰ ‘ਤੇ ਸਹੀ ਸੀ ਅਤੇ ਇਸ ਦੀ ਅਖੰਡਤਾ ਕਾਇਮ ਰਹੇਗੀ ਅਤੇ ਨਤੀਜੇ ਸਪੱਸ਼ਟ ਹਨ।” ਬੁਸ਼ ਨੇ ਬਿਆਨ ਵਿੱਚ ਕਿਹਾ, “ਸਾਡੇ ਵਿੱਚ ਰਾਜਨੀਤਿਕ ਮਤਭੇਦ ਹਨ, ਪਰ ਮੈਂ ਜਾਣਦਾ ਹਾਂ ਕਿ ਜੋ ਬਾਇਡੇਨ ਇੱਕ ਚੰਗੇ ਵਿਅਕਤੀ ਹਨ, ਜਿਨ੍ਹਾਂ ਨੂੰ ਦੇਸ਼ ਦੀ ਅਗਵਾਈ ਕਰਨ ਅਤੇ ਇੱਕਜੁੱਟ ਕਰਨ ਦਾ ਮੌਕਾ ਮਿਲਿਆ ਹੈ । ਸਾਨੂੰ ਇਹ ਆਪਣੇ ਪਰਿਵਾਰ ਅਤੇ ਆਪਣੇ ਗੁਆਂਢੀਆਂ ਲਈ ਅਤੇ ਆਪਣੇ ਰਾਸ਼ਟਰ ਲਈ ਇਕੱਠੇ ਹੋਣਾ ਚਾਹੀਦਾ ਹੈ।”
ਦੱਸ ਦੇਈਏ ਕਿ ਵੈਬਸਾਈਟ ‘ਤੇ ਚਾਰ ਵੱਡੇ ਮੁੱਦਿਆਂ ਨੂੰ ਪਹਿਲ ਦਿੱਤੀ ਗਈ ਹੈ। ਜਿਸ ਵਿੱਚ ਕੋਵਿਡ, ਆਰਥਿਕ ਸੁਧਾਰ, ਨਸਲੀ ਬਰਾਬਰੀ ਅਤੇ ਮੌਸਮ ਵਿੱਚ ਤਬਦੀਲੀਆਂ ਸ਼ਾਮਿਲ ਹਨ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਟੀਮ ਬਾਇਡੇਨ ਦੇ ਕਾਰਜਭਾਰ ਸੰਭਾਲਣ ਦੇ ਦਿਨ ਤੋਂ ਕੰਮ ਕਰੇਗੀ।