Donald trump acquitted by US Senate: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਮਿਲੀ ਹੈ । ਉਨ੍ਹਾਂ ਨੂੰ ਕੈਪੀਟਲ ਹਿੱਲ ਵਿੱਚ ਹਿੰਸਾ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਟਰੰਪ 10 ਵੋਟਾਂ ਦੇ ਫਰਕ ਨਾਲ ਬਚ ਗਏ ਹਨ । ਦਰਅਸਲ, ਵੋਟਿੰਗ ਵਿੱਚ 57 ਸੀਨੇਟਰਾਂ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ, ਜਦੋਂ ਕਿ 43 ਮੈਂਬਰਾਂ ਨੇ ਉਨ੍ਹਾਂ ਨੂੰ ਦੋਸ਼ੀ ਨਹੀਂ ਪਾਇਆ। ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਲਈ ਸੀਨੇਟ ਨੂੰ ਦੋ-ਤਿਹਾਈ ਬਹੁਮਤ ਯਾਨੀ 67 ਵੋਟਾਂ ਦੀ ਲੋੜ ਸੀ।
ਜ਼ਿਕਰਯੋਗ ਹੈ ਕਿ ਟਰੰਪ ‘ਤੇ 6 ਜਨਵਰੀ ਨੂੰ ਅਮਰੀਕੀ ਸੰਸਦ ਭਵਨ ਵਿੱਚ ਦੰਗੇ ਕਰਨ ਦਾ ਦੋਸ਼ ਲਾਇਆ ਗਿਆ ਸੀ । ਇਸ ਘਟਨਾ ਵਿੱਚ 5 ਲੋਕ ਮਾਰੇ ਗਏ ਸਨ । ਰਿਪਬਲੀਕਨ ਪਾਰਟੀ ਦੇ 7 ਨੇਤਾਵਾਂ ਨੇ ਡੈਮੋਕਰੇਟਸ ਦਾ ਸਮਰਥਨ ਕੀਤਾ ਅਤੇ ਟਰੰਪ ਦੇ ਖਿਲਾਫ ਵੋਟ ਦਿੱਤੀ ਸੀ ।
ਦਰਅਸਲ, ਇਹ ਦੂਜਾ ਮੌਕਾ ਹੈ ਜਦੋਂ ਟਰੰਪ ਨੂੰ ਕਿਸੇ ਮਹਾਂਦੋਸ਼ ਤੋਂ ਬਰੀ ਕੀਤਾ ਗਿਆ ਹੈ । ਸ਼ਨੀਵਾਰ ਨੂੰ ਸੀਨੇਟ ਦੇ ਫੈਸਲੇ ਨੂੰ ਟਰੰਪ ਦੀ ਜਿੱਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਜੇ ਟਰੰਪ ਚਾਹੁੰਦੇ ਹਨ ਤਾਂ ਉਹ 2024 ਵਿੱਚ ਇੱਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਸਕਦੇ ਹਨ। ਹਿੰਸਾ ਭੜਕਾਉਣ ਦੇ ਦੋਸ਼ਾਂ ਤੋਂ ਬਰੀ ਹੋਣ ਤੋਂ ਬਾਅਦ ਟਰੰਪ ਨੇ ਇੱਕ ਬਿਆਨ ਵੀ ਜਾਰੀ ਕੀਤਾ। ਟਰੰਪ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਹੈ।
ਦੱਸ ਦੇਈਏ ਕਿ ਸੀਨੇਟ ਦੀ ਸੁਣਵਾਈ ਦੇ ਪੰਜਵੇਂ ਦਿਨ ਵੀ ਟਰੰਪ ਦੇ ਵਕੀਲਾਂ ਬਰੂਸ ਕੈਸਟਰ, ਡੇਵਿਡ ਸ਼ੋਈਨ ਅਤੇ ਮਾਈਕਲ ਵਾਨ ਡੇਰ ਵੀਨ ਨੇ ਸਾਬਕਾ ਰਾਸ਼ਟਰਪਤੀ ਦੇ ਪੱਖ ਵਿੱਚ ਇੱਕ-ਇੱਕ ਦਲੀਲਾਂ ਪੇਸ਼ ਕੀਤੀਆਂ । ਇਨ੍ਹਾਂ ਸਭ ਨੇ ਆਪਣੀਆਂ ਦਲੀਲਾਂ ਵਿੱਚ ਕਿਹਾ ਕਿ ਟਰੰਪ ਕਾਨੂੰਨ ਵਿਵਸਥਾ ਦੇ ਸਮਰਥਕ ਹਨ ਅਤੇ ਉਨ੍ਹਾਂ ਨੇ ਕੈਪੀਟਲ ਹਿੱਲ ਵਿੱਚ ਹਿੰਸਾ ਨਹੀਂ ਭੜਕਾਈ ਸੀ। ਟਰੰਪ ਦੇ ਵਕੀਲਾਂ ਨੂੰ ਆਪਣੀ ਦਲੀਲ ਪੇਸ਼ ਕਰਨ ਲਈ ਕੁੱਲ 16 ਘੰਟੇ ਦਿੱਤੇ ਗਏ।
ਇਹ ਵੀ ਦੇਖੋ: ਇਸ PHD ਵਿਦਿਆਰਥਣ ਨੇ ਸਿੰਘੂ ਸਟੇਜ ‘ਤੇ ਪਹੁੰਚ ਕੇ ਪੂਰੀ ਤਰ੍ਹਾਂ ਖੜਕਾ ਦਿੱਤੀ ਮੋਦੀ ਸਰਕਾਰ