Donald Trump claims Lebanon explosion: ਵਾਸ਼ਿੰਗਟਨ: ਬੇਰੂਤ ਵਿੱਚ ਮੰਗਲਵਾਰ ਸ਼ਾਮ ਨੂੰ ਹੋਏ ਭਿਆਨਕ ਬੰਬ ਧਮਾਕੇ ਵਿੱਚ ਹੁਣ ਤੱਕ 78 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਲੇਬਨਾਨ ਨੇ ਬੰਬ ਧਮਾਕੇ ਦੀ ਵਜ੍ਹਾ ਪੋਰਟ ਦੇ ਨੇੜੇ ਇੱਕ ਸਮੁੰਦਰੀ ਜਹਾਜ਼ ਵਿੱਚ ਰੱਖੇ ਗਏ 2,750 ਟਨ ਅਮੋਨੀਅਮ ਨਾਈਟ੍ਰੇਟ ਵਿੱਚ ਲੱਗੀ ਅੱਗ ਨੂੰ ਦੱਸਿਆ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਬੇਰੂਤ ਵਿੱਚ ਧਮਾਕਾ ਇੱਕ ‘ਹਮਲੇ’ ਦੀ ਤਰ੍ਹਾਂ ਲੱਗਦਾ ਹੈ ਅਤੇ ਅਮਰੀਕੀ ਸੈਨਾ ਦੇ ਜਨਰਲ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇਹ ਕਿਸੇ ਕਿਸਮ ਦੇ ਬੰਬ ਨਾਲ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਅਮਰੀਕੀ ਸੈਨਾ ਦੇ ਬਹੁਤ ਸਾਰੇ ਜਰਨੈਲਾਂ ਨੇ ਮੈਨੂੰ ਦੱਸਿਆ ਹੈ ਕਿ ਬੇਰੂਤ ਧਮਾਕਾ ਕਿਸੇ ਕਿਸਮ ਦੇ ਬੰਬ ਨਾਲ ਕੀਤਾ ਗਿਆ ਹੈ, ਲੇਬਨਾਨ ਨੇ ਇਸ ਨੂੰ ਹਮਲਾ ਨਹੀਂ ਕਿਹਾ ਪਰ ਅਜਿਹਾ ਲੱਗਦਾ ਹੈ।” ਟਰੰਪ ਨੇ ਅੱਗੇ ਕਿਹਾ ਕਿ ਇਸ ਨੂੰ ਕਿਸੇ ਵੀ ਤਰੀਕੇ ਨਾਲ ਦੇਖਿਆ ਜਾਵੇ ਇਹ ਦੁਨੀਆ ਲਈ ਨੁਕਸਾਨ ਹੈ । ਟਰੰਪ ਨੇ ਦਾਅਵਾ ਕੀਤਾ ਕਿ ਇਹ ਬਹੁਤ ਜਾਨਲੇਵਾ ਹਮਲੇ ਦੀ ਤਰ੍ਹਾਂ ਲੱਗ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਨਿਰਮਾਣ ਲਈ ਇਕੱਠੀ ਕੀਤੀ ਗਈ ਸਮੱਗਰੀ ਵਿੱਚ ਧਮਾਕੇ ਵਾਂਗ ਨਹੀਂ ਜਾਪਦਾ । ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਧਮਾਕੇ ਅਤੇ ਬੰਬ ਧਮਾਕੇ ਦੇ ਕੋਣ ਤੋਂ ਵੀ ਕਰਨੀ ਚਾਹੀਦੀ ਹੈ । ਇਸ ਦੌਰਾਨ ਪੈਂਟਾਗਨ ਨੇ ਟਰੰਪ ਦੇ ਬਿਆਨ ਨਾਲ ਜੁੜੇ ਇੱਕ ਨਿਊਜ਼ ਏਜੰਸੀ ਦੇ ਸਵਾਲ ਦੇ ਜਵਾਬ ਵਿੱਚ ਇਸ ਦਾਅਵੇ ਦਾ ਸਮਰਥਨ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਤੁਹਾਨੂੰ ਵ੍ਹਾਈਟ ਹਾਊਸ ਤੋਂ ਹੀ ਉਨ੍ਹਾਂ ਦੇ ਇਸ ਦਾਅਵੇ ਦੀ ਸੱਚਾਈ ਜਾਣ ਲੈਣੀ ਚਾਹੀਦੀ ਹੈ। ਪੈਂਟਾਗਨ ਨੇ ਕਿਹਾ ਹੈ ਕਿ ਸਿਰਫ ਵ੍ਹਾਈਟ ਹਾਊਸ ਹੀ ਟਰੰਪ ਦੀ ਇਸ ਗੱਲ ਨੂੰ ਸਪੱਸ਼ਟ ਕਰ ਸਕਦਾ ਹੈ।
ਦੱਸ ਦੇਈਏ ਕਿ ਇਸ ਸਬੰਧੀ ਰਾਸ਼ਟਰਪਤੀ ਮਾਈਕਲ ਈਯੋਨ ਨੇ ਟਵੀਟ ਕਰ ਕਿਹਾ ਕਿ ਇਹ ਬਿਲਕੁਲ ਅਸਵੀਕਾਰਨਯੋਗ ਹੈ ਕਿ 2,750 ਟਨ ਵਿਸਫੋਟਕ ਨਾਈਟ੍ਰੇਟ ਅਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਗਿਆ ਸੀ। ਇਹ ਧਮਾਕਾ ਕਿਵੇਂ ਹੋਇਆ ਇਸਦੀ ਜਾਂਚ ਅਜੇ ਜਾਰੀ ਹੈ । ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਵੀ ਕਿਹਾ ਹੈ ਕਿ ਇਹ ਧਮਾਕਾ 2750 ਟਨ ਅਮੋਨੀਅਮ ਨਾਈਟ੍ਰੇਟ ਕਾਰਨ ਹੋਇਆ ਸੀ। ਧਮਾਕਾ ਏਨਾ ਤੇਜ਼ ਸੀ ਕਿ ਚਾਰੇ ਪਾਸੇ ਅੱਗ ਲੱਗੀ ਹੋਈ ਸੀ, ਕਾਰਾਂ ਪਲਟ ਗਈਆਂ ਅਤੇ ਘਰਾਂ ਦੀਆਂ ਖਿੜਕੀਆਂ ਅਤੇ ਲੋਕਾਂ ਦੇ ਦਰਵਾਜ਼ੇ ਟੁੱਟ ਗਏ।