Donald Trump Paid Only: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2016 ਵਿੱਚ ਸਿਰਫ 750 ਡਾਲਰ ਇਨਕਮ ਟੈਕਸ ਵਜੋਂ ਅਦਾ ਕੀਤੇ ਸਨ । ਅਮਰੀਕੀ ਅਖਬਾਰ ‘ਦਿ ਨਿਊ ਯਾਰਕ ਟਾਈਮਜ਼’ ਦੀ ਖ਼ਬਰ ਵਿੱਚ ਇਹ ਦਾਅਵਾ ਕੀਤਾ ਗਿਆ ਹੈ । ਖ਼ਬਰ ਵਿੱਚ 20 ਸਾਲਾਂ ਤੋਂ ਵੱਧ ਦੇ ਟੈਕਸ ਰਿਟਰਨ ਦਾ ਜ਼ਿਕਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਸਾਲ ਉਹ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੇ ਸਨ। ਹੁਣ, ਜਦੋਂ ਟਰੰਪ ਦੂਜੀ ਵਾਰ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ ਤਾਂ ਇੱਕ ਵਾਰ ਫਿਰ ਉਨ੍ਹਾਂ ਦੇ ਟੈਕਸ ਭੁਗਤਾਨ ਨਾਲ ਜੁੜਿਆ ਮੁੱਦਾ ਉੱਠਿਆ ਹੈ।
ਦਰਅਸਲ, ਅਮਰੀਕੀ ਅਖਬਾਰ ਦੀ ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਨੇ ਵ੍ਹਾਈਟ ਹਾਊਸ ਦੇ ਪਹਿਲੇ ਸਾਲ ਸਿਰਫ 750 ਡਾਲਰ ਦਾ ਭੁਗਤਾਨ ਕੀਤਾ ਸੀ। ਪਿਛਲੇ 15 ਸਾਲਾਂ ਵਿਚੋਂ 10 ਸਾਲਾਂ ਲਈ ਉਨ੍ਹਾਂ ਨੇ ਕੋਈ ਸੰਘੀ ਆਮਦਨੀ ਟੈਕਸ ਜਮ੍ਹਾ ਨਹੀਂ ਕੀਤਾ ਸੀ ਕਿਉਂਕਿ ਦੱਸਿਆ ਗਿਆ ਸੀ ਕਿ ਜਿੰਨਾ ਉਨ੍ਹਾਂ ਨੇ ਕਮਾਇਆ ਹੈ, ਉਸ ਤੋਂ ਕਈ ਜ਼ਿਆਦਾ ਗੁਆ ਦਿੱਤਾ ਹੈ, ਪਰ ਇਸ ਖਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਝੂਠੀ ਖ਼ਬਰ ਹੈ।
ਅਮਰੀਕੀ ਰਾਸ਼ਟਰਪਤੀ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਆਪਣੇ ਨਿੱਜੀ ਵਿੱਤੀ ਵੇਰਵੇ ਜਾਰੀ ਕਰੇ, ਪਰ ਰਿਚਰਡ ਨਿਕਸਨ ਤੋਂ ਲੈ ਕੇ ਹੁਣ ਤੱਕ ਦੇ ਰਾਸ਼ਟਰਪਤੀਆਂ ਨੇ ਵਿੱਤੀ ਖਾਤੇ ਜਾਰੀ ਕੀਤੇ ਹਨ। ਹਾਲਾਂਕਿ, ਟਰੰਪ ਨੇ ਇਨਕਮ ਟੈਕਸ ਰਿਟਰਨ ਜਾਰੀ ਕਰਨ ਤੋਂ ਇਨਕਾਰ ਕਰਦਿਆਂ ਇਸ ਪਰੰਪਰਾ ਨੂੰ ਤੋੜਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਕਸ ਰਿਟਰਨ ਦਾ ਮੁੱਦਾ 2016 ਦੀਆਂ ਚੋਣਾਂ ਵਿੱਚ ਇੱਕ ਵੱਡਾ ਮਸਲਾ ਸੀ। ਇਹ ਮੁੱਦਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਜਾਰੀ ਰਿਹਾ ਅਤੇ ਹੁਣ ਜਦੋਂ ਟਰੰਪ ਦੂਜੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੇ ਹਨ, ਇਸ ਸਮੇਂ ਇਹ ਮੁੱਦਾ ਫਿਰ ਉੱਭਰ ਕੇ ਸਾਹਮਣੇ ਆਇਆ ਹੈ।