Donald Trump younger brother: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰਾਬਰਟ ਟਰੰਪ ਦਾ ਦਿਹਾਂਤ ਹੋ ਗਿਆ ਹੈ। ਕਾਰੋਬਾਰੀ ਰਾਬਰਟ 71 ਸਾਲਾਂ ਦੇ ਸੀ । ਉਨ੍ਹਾਂ ਦਾ ਨਿਊਯਾਰਕ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਸ਼ਨੀਵਾਰ ਨੂੰ ਰਾਬਰਟ ਦੀ ਮੌਤ ਹੋ ਗਈ । ਰਾਸ਼ਟਰਪਤੀ ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨਿਊਯਾਰਕ ਦੇ ਇੱਕ ਹਸਪਤਾਲ ਵਿੱਚ ਗੰਭੀਰ ਰੂਪ ਨਾਲ ਬੀਮਾਰ ਭਰਾ ਨਾਲ ਮੁਲਾਕਾਤ ਕੀਤੀ ਸੀ।
ਡੋਨਾਲਡ ਟਰੰਪ ਨੇ ਇੱਕ ਬਿਆਨ ਵਿੱਚ ਕਿਹਾ, “ਮੈਨੂੰ ਭਾਰੀ ਦਿਲ ਨਾਲ ਕਹਿਣਾ ਪੈ ਰਿਹਾ ਕਿ ਮੇਰਾ ਭਰਾ ਮੇਰੇ ਦਿਲ ਦੇ ਬਹੁਤ ਨਜ਼ਦੀਕ ਸੀ। ਉਹ ਸਿਰਫ ਮੇਰਾ ਭਰਾ ਹੀ ਨਹੀਂ ਬਲਕਿ ਸਭ ਤੋਂ ਚੰਗਾ ਮਿੱਤਰ ਵੀ ਸੀ । ਉਹ ਬਹੁਤ ਯਾਦ ਆਵੇਗਾ । ਉਸ ਦੀਆਂ ਯਾਦਾਂ ਹਮੇਸ਼ਾ ਮੇਰੇ ਦਿਲ ਵਿੱਚ ਬਣੀਆਂ ਰਹਿਣਗੀਆਂ। ਰਾਬਰਟ, ਆਈ ਲਵ ਯੂ । ”
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਟਰੰਪ ਦੀ ਪ੍ਰਚਾਰ ਮੁਹਿੰਮ ਦੀ ਟੀਮ ਨੇ ਭਾਰਤੀ-ਅਮਰੀਕੀਆਂ, ਸਿੱਖਾਂ, ਮੁਸਲਮਾਨਾਂ ਅਤੇ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਵੋਟਰਾਂ ਨੂੰ ਭਰਮਾਉਣ ਲਈ 4 ਨਵੀਆਂ ਸੰਸਥਾਵਾਂ ਦਾ ਗਠਨ ਕੀਤਾ ਹੈ। ਨਵੰਬਰ ਵਿੱਚ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਲਗਭਗ 13 ਲੱਖ ਭਾਰਤੀ-ਅਮਰੀਕੀਆਂ ਦੇ ਵੋਟ ਪਾਉਣ ਦੀ ਉਮੀਦ ਹੈ । ਇਨ੍ਹਾਂ ਵਿਚੋਂ ਦੋ ਲੱਖ ਲੋਕ ਪੈਨਸਿਲਵੇਨੀਆ ਅਤੇ ਮਿਸ਼ੀਗਨ ਵਿੱਚ 1,25,000 ਲੋਕ ਰਹਿੰਦੇ ਹਨ।
ਪਬਲੀਸਿਟੀ ਟੀਮ ਨੇ ਇੰਡੀਅਨ ਵਾਇਸ ਫਾਰ ਟਰੰਪ, ਹਿੰਦੂ ਵਾਇਸ ਫਾਰ ਟਰੰਪ, ਸਿਖਸ ਵਾਇਸ ਫਾਰ ਟਰੰਪ ਅਤੇ ਮੁਸਲਿਮ ਵਾਇਸ ਫਾਰ ਟਰੰਪ ਦਾ ਗਠਨ ਕੀਤਾ ਹੈ । ਟੀਮ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਇਨ੍ਹਾਂ ਭਾਈਚਾਰਿਆਂ ਦੇ ਮੈਂਬਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਸਮਾਜਵਾਦੀ ਏਜੰਡੇ ਵਿਰੁੱਧ ਇਕਜੁੱਟ ਹੋਣ ਲਈ ਕੰਮ ਕਰਨਗੇ।