ਉੱਤਰੀ ਜਾਪਾਨ ਦੇ ਫੁਕੁਸ਼ੀਮਾ ਤੱਟ ‘ਤੇ ਬੁੱਧਵਾਰ ਰਾਤ ਨੂੰ 7.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਭਾਰੀ ਤਬਾਹੀ ਹੋਈ। ਇਸ ਹਾਦਸੇ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 90 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਫੁਕੁਸ਼ੀਮਾ ਅਤੇ ਮਿਆਗੀ ਸੂਬਿਆਂ ਦੇ ਤੱਟਾਂ ਤੋਂ ਘੱਟ ਖਤਰੇ ਵਾਲੀ ਸੁਨਾਮੀ ਦੀ ਚਿਤਾਵਨੀ ਨੂੰ ਵਾਪਸ ਲੈ ਲਿਆ ਹੈ।
ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਰਾਤ 11:36 ਵਜੇ ਆਏ ਭੂਚਾਲ ਦਾ ਕੇਂਦਰ ਸਮੁੰਦਰ ‘ਚ 60 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਹ ਖੇਤਰ ਉੱਤਰੀ ਜਾਪਾਨ ਦਾ ਹਿੱਸਾ ਹੈ, ਜੋ ਕਿ 2011 ਵਿੱਚ ਇੱਕ ਵਿਨਾਸ਼ਕਾਰੀ ਨੌਂ ਤੀਬਰਤਾ ਵਾਲੇ ਭੂਚਾਲ ਅਤੇ ਸੁਨਾਮੀ ਦੁਆਰਾ ਤਬਾਹ ਹੋ ਗਿਆ ਸੀ। ਭੂਚਾਲ ਕਾਰਨ ਪ੍ਰਮਾਣੂ ਤਬਾਹੀ ਵੀ ਹੋਈ ਸੀ। ਭੂਚਾਲ ਤੋਂ ਬਾਅਦ ਕਰੀਬ 20 ਲੱਖ ਘਰਾਂ ਦੀ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਅਤੇ ਉਹ ਹਨੇਰੇ ਵਿੱਚ ਡੁੱਬ ਗਏ। ਇਸ ਵਿੱਚ ਇਕੱਲੇ ਰਾਜਧਾਨੀ ਟੋਕੀਓ ਵਿੱਚ 700,000 ਘਰ ਸ਼ਾਮਲ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਵੀਰਵਾਰ ਸਵੇਰੇ ਸੰਸਦ ਦੇ ਸੈਸ਼ਨ ਨੂੰ ਦੱਸਿਆ ਕਿ ਭੂਚਾਲ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 97 ਹੋਰ ਜ਼ਖਮੀ ਹੋ ਗਏ।
ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਕਿ ਫੁਕੁਸ਼ੀਮਾ ਅਤੇ ਮਿਆਗੀ ਵਿਚਕਾਰ ਇੱਕ ਤੋਹੋਕੂ ਸ਼ਿਨਕਾਨਸੇਨ ਐਕਸਪ੍ਰੈਸ ਰੇਲਗੱਡੀ ਭੂਚਾਲ ਕਾਰਨ ਅੰਸ਼ਕ ਤੌਰ ‘ਤੇ ਪਟੜੀ ਤੋਂ ਉਤਰ ਗਈ, ਪਰ ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ। ਇਸ ਦੇ ਨਾਲ ਹੀ ਬਚਾਅ ਅਤੇ ਰਾਹਤ ਕਾਰਜਾਂ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: