ਪਾਕਿਸਤਾਨ ਭਾਵੇਂ ਹਮੇਸ਼ਾ ਭਾਰਤ ਨਾਲ ਜੰਗ ਦੀ ਤਾਕ ਵਿਚ ਰਹਿੰਦਾ ਹੈ ਪਰ ਸੱਚਾਈ ਇਹ ਹੈ ਕਿ ਪਾਕਿਸਤਾਨ ਭਾਰਤ ਦੇ ਹੱਥੋਂ ਨਹੀਂ, ਸਗੋਂ ਆਪਣੇ ਆਗੂਆਂ ਦੇ ਹੱਥੋਂ ਹਾਰ ਚੁੱਕਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਦ ਮੰਨਿਆ ਹੈ ਕਿ ਹੁਣ ਉਨ੍ਹਾਂ ਕੋਲ ਦੇਸ਼ ਚਲਾਉਣ ਲਈ ਪੈਸਾ ਨਹੀਂ ਹੈ। ਯਾਨੀ ਉਨ੍ਹਾਂ ਦਾ ਦੇਸ਼ ਲਗਭਗ ਕੰਗਾਲ ਹੋ ਗਿਆ ਹੈ।
ਜਦੋਂ ਵੀ ਪਾਕਿਸਤਾਨ ‘ਤੇ ਅਜਿਹਾ ਸੰਕਟ ਆਉਂਦਾ ਹੈ ਤਾਂ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਵਰਗੀਆਂ ਸੰਸਥਾਵਾਂ ਤੋਂ ਕਰਜ਼ਾ ਮੰਗਦਾ ਹੈ। ਪਰ ਇਸ ਵਾਰ ਪਾਕਿਸਤਾਨ ਲਈ ਸਾਰੇ ਦਰਵਾਜ਼ੇ ਬੰਦ ਹਨ ਕਿਉਂਕਿ ਆਈਐੱਮਐੱਫ ਨੇ ਵੀ ਪਾਕਿਸਤਾਨ ਨੂੰ ਹੋਰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਿਵੇਂ ਪਾਕਿਸਤਾਨ ਦੇ ਹਰ ਨਾਗਰਿਕ ‘ਤੇ ਇਸ ਸਮੇਂ 2 ਲੱਖ 35 ਹਜ਼ਾਰ ਰੁਪਏ ਤੋਂ ਵੱਧ ਦਾ ਕਰਜ਼ਾ ਹੈ ਅਤੇ ਪਾਕਿਸਤਾਨ ਦੀ ਅਰਥਵਿਵਸਥਾ ਦੀ ਇਹ ਤਬਾਹੀ ਇਮਰਾਨ ਖਾਨ ਨੂੰ ਕਿਵੇਂ ਉਖਾੜ ਸਕਦੀ ਹੈ।
ਪਾਕਿਸਤਾਨ ‘ਚ ਭੁੱਖਮਰੀ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਰਜ਼ਾ ਮੰਗ ਕੇ ਗੁਜ਼ਾਰਾ ਕਰ ਰਿਹਾ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਸਰਕਾਰ ਖੁਦ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੇ ਸਾਹਮਣੇ ਕਟੋਰਾ ਲੈ ਕੇ ਖੜ੍ਹੀ ਹੈ। ਪਾਕਿਸਤਾਨ ਨੇ ਆਈਐੱਮਐੱਫ ਨੂੰ ਅਪੀਲ ਕੀਤੀ ਸੀ ਕਿ ਪਾਕਿਸਤਾਨ ਦੀ ਜੀਡੀਪੀ ਦਾ 2 ਫ਼ੀਸਦ ਉਧਾਰ ਦੇ ਦੇਣ, ਯਾਨੀ ਇਮਰਾਨ ਖਾਨ ਆਈਐੱਮਐੱਫ ਤੋਂ 38 ਹਜ਼ਾਰ ਕਰੋੜ ਰੁਪਏ ਉਧਾਰ ਲੈਣਾ ਚਾਹੁੰਦੇ ਸਨ। ਪਰ ਆਈਐੱਮਐੱਫ ਨੇ ਪਾਕਿਸਤਾਨ ਲਈ ਦਰਵਾਜ਼ਾ ਬੰਦ ਕਰ ਦਿੱਤਾ।
ਕੱਲ੍ਹ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਸਤੰਬਰ 2021 ਲਈ ਕਰਜ਼ੇ ਦੇ ਕੁਝ ਅੰਕੜੇ ਜਾਰੀ ਕੀਤੇ ਹਨ। ਜਿਸ ਦੇ ਮੁਤਾਬਕ ਇਸ ਸਮੇਂ ਪਾਕਿਸਤਾਨ ‘ਤੇ 50 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਹੈ ਅਤੇ ਜਦੋਂ ਤੋਂ ਇਮਰਾਨ ਖਾਨ ਦੀ ਸਰਕਾਰ ਆਈ ਹੈ, ਪਾਕਿਸਤਾਨ ਦਾ ਕਰਜ਼ਾ 70 ਫੀਸਦੀ ਵਧ ਗਿਆ ਹੈ। ਇਮਰਾਨ ਖਾਨ ਦੀ ਸਰਕਾਰ ਹਰ ਰੋਜ਼ ਕਿਸੇ ਨਾ ਕਿਸੇ ਅਦਾਰੇ ਤੋਂ ਲਗਭਗ 1400 ਕਰੋੜ ਰੁਪਏ ਉਧਾਰ ਲੈ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: