ਭਾਰਤ ਨੇ ਕੈਨੇਡਾ ਨੂੰ ਸਿੱਖ ਫਾਰ ਜਸਟਿਸ ਸੰਗਠਨ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਹੈ। ਖਾਲਿਸਤਾਨ ਪੱਖੀ ਸੰਗਠਨਾਂ ਵੱਲੋਂ ਐੱਨ. ਜੀ. ਓ. ਨੂੰ ਫੰਡ ਦੇਣ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਕੈਨੇਡਾ ਪਹੁੰਚੀ ਐੱਨ. ਆਈ. ਏ. ਦੀ ਟੀਮ ਨੇ ਇਸ ਦੀ ਅਧਿਕਾਰਤ ਤੌਰ ‘ਤੇ ਬੇਨਤੀ ਕੀਤੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਐੱਨ. ਆਈ. ਏ. ਨੇ ਇਸ ਹਫਤੇ ਓਟਾਵਾ ਵਿੱਚ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਗੱਲਬਾਤ ਕੀਤੀ ਹੈ ਅਤੇ ਸੰਗਠਨ ਖਿਲਾਫ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕੁਝ ਮਹੱਤਵਪੂਰਨ ਜਾਣਕਾਰੀ ਅਤੇ ਡੋਜ਼ੀਅਰ ਸੌਂਪੇ ਹਨ।
ਭਾਰਤ ਸਰਕਾਰ ਦੀ ਏਜੰਸੀ ਵੱਲੋਂ ਇਹ ਬੇਨਤੀ ਇਸ ਸਾਲ ਦੇ ਸ਼ੁਰੂ ਵਿੱਚ ਕੀਤੀ ਗਈ ਸੀ ਅਤੇ ਐੱਨ. ਆਈ. ਏ. ਦੀ ਟੀਮ ਦਾ ਓਟਾਵਾ ਦੌਰਾ ਭਾਰਤ ਦੇ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਸੀ ਕਿ ਐੱਸ. ਐੱਫ. ਜੇ. ਭਾਵ ਸਿੱਖਸ ਫਾਰ ਜਸਟਿਸ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਆਪਣੇ ਵੱਖਵਾਦੀ ਏਜੰਡੇ ਦੇ ਹਿੱਸੇ ਦੇ ਰੂਪ ਵਿੱਚ ਹਿੰਸਾ ਨੂੰ ਬੜ੍ਹਾਵਾ ਦੇ ਰਿਹਾ ਹੈ, ਜਿਸ ਵਿੱਚ ਪੰਜਾਬ ਰੈਫਰੈਂਡਮ ਦੀ ਅਗਵਾਈ ਵੀ ਸ਼ਾਮਲ ਹੈ। ਐੱਨ. ਆਈ. ਏ. ਨੇ ਕੈਨੇਡੀਅਨ ਸਰਕਾਰ ਨੂੰ ਇਸ ਗੱਲ ਦੇ ਸਬੂਤ ਦਿੱਤੇ ਹਨ ਕਿ ਇਹ ਸੰਗਠਨ ਭਾਰਤ ਵਿੱਚ ਖਾਲਿਸਤਾਨ ਦੇ ਪੱਖ ਵਿੱਚ ਮਾਹੌਲ ਬਣਾਉਣ ਕੋਸ਼ਿਸ਼ ਵਿੱਚ ਲੱਗਾ ਹੈ ਅਤੇ ਇਸ ਲਈ ਉਸ ਨੇ ਹਿੰਸਾ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ।
ਹਾਲਾਂਕਿ, ਐੱਸ. ਐੱਫ. ਜੇ. ਨੇ ਆਪਣੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਜ਼ਰੀਏ ਵੱਖਰੇ ਖਾਲਿਸਤਾਨ ਲਈ ਆਪਣਾ ਪੱਖ ਰੱਖਦੇ ਹੋਏ ਹਿੰਸਾ ਨੂੰ ਸਮਰਥਨ ਦੇਣ ਤੋਂ ਲਗਾਤਾਰ ਇਨਕਾਰ ਕੀਤਾ ਹੈ। ਕਿਹਾ ਜਾਂਦਾ ਹੈ ਕਿ ਐੱਨ. ਆਈ. ਏ. ਦੀ ਟੀਮ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਦੇ ਸੱਦੇ ‘ਤੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਓਟਾਵਾ ਵਿੱਚ ਸੀ ਅਤੇ ਇਸ ਨੇ ਅੰਤਰਰਾਸ਼ਟਰੀ ਅਪਰਾਧ ਅਤੇ ਅੱਤਵਾਦ ਰੋਕੂ ਬਿਊਰੋ ਆਫ਼ ਗਲੋਬਲ ਅਫੇਅਰਜ਼ ਕੈਨੇਡਾ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੀ ਡਿਵਿਜ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਨਿਆਂ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਖਾਲਿਸਤਾਨ ਪੱਖੀ ਸੰਗਠਨਾਂ ਵੱਲੋਂ ਕੁਝ ਐੱਨ. ਜੀ. ਓ. ਨੂੰ ਫੰਡ ਦੇਣ ਦਾ ਦੋਸ਼ ਹੈ ਅਤੇ ਇਸੇ ਦੀ ਜਾਂਚ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਵੀਰਵਾਰ-ਸ਼ੁੱਕਰਵਾਰ ਨੂੰ ਕੈਨੇਡਾ ਵਿੱਚ ਸੀ। ਸਿੱਖਸ ਫਾਰ ਜਸਟਿਸ ਵਰਗੀਆਂ ਕੁਝ ਸੰਸਥਾਵਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਵੱਲੋਂ ਕੁਝ ਐੱਨ. ਜੀ. ਓ. ਨੂੰ ਫੰਡਿੰਗ ਕੀਤੀ ਜਾ ਰਹੀ ਹੈ। ਐੱਨ. ਆਈ. ਏ. ਦੀ ਰਾਡਾਰ ‘ਤੇ ਸਿੱਖਸ ਫਾਰ ਜਸਟਿਸ ਤੋਂ ਇਲਾਵਾ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਖਾਲਿਸਤਾਨ ਟਾਈਗਰ ਫੋਰਸ ਵਰਗੇ ਸੰਗਠਨ ਹਨ। ਇਨ੍ਹਾਂ ਨੂੰ ਕੈਨੇਡਾ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਫਰਾਂਸ ਅਤੇ ਜਰਮਨੀ ਦੇ ਰਸਤੇ ਫੰਡ ਮਿਲਣ ਦਾ ਸ਼ੱਕ ਹੈ। ਇਸ ਸਬੰਧ ਦੀ ਜਾਂਚ ਲਈ ਐੱਨ. ਆਈ. ਏ. ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਇਸੇ ਲੜੀ ਤਹਿਤ ਇੱਕ ਟੀਮ ਕੈਨੇਡਾ ਪਹੁੰਚ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: