ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ “ਬਹੁਤ ਗੰਭੀਰ” ਮਾਮਲਾ ਦੱਸਦੇ ਹੋਏ ਕਿਹਾ ਕਿ ਇਸ ਨੇ ਅੰਤਰਰਾਸ਼ਟਰੀ ਵਿਵਸਥਾ ਦੀਆਂ ਜੜ੍ਹਾਂ ਨੂੰ “ਹਿਲਾ ਦਿੱਤਾ” ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤਾਕਤ ਦੀ ਵਰਤੋਂ ਕਰਕੇ ਕਿਸੇ ਵੀ ਖੇਤਰ ਵਿੱਚ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਕਿਸ਼ਿਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ 14ਵੇਂ ਭਾਰਤ-ਜਾਪਾਨ ਸਿਖਰ ਸੰਮੇਲਨ ਤੋਂ ਬਾਅਦ ਇਹ ਟਿੱਪਣੀਆਂ ਕੀਤੀਆਂ।
ਭਾਰਤ-ਜਾਪਾਨ ਸਿਖਰ ਸੰਮੇਲਨ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ, ਪੀਐਮ ਮੋਦੀ ਅਤੇ ਕਿਸ਼ਿਦਾ ਨੇ ਯੂਕਰੇਨ ਵਿੱਚ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਅਤੇ ਵਿਵਾਦ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਪ੍ਰਮਾਣੂ ਪਲਾਂਟਾਂ ਦੀ ਸੁਰੱਖਿਆ ਦੇ ਮਹੱਤਵ ਨੂੰ ਨੋਟ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਸੰਘਰਸ਼ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਖਾਸ ਤੌਰ ‘ਤੇ ਹਿੰਦ-ਪ੍ਰਸ਼ਾਂਤ ਖੇਤਰ ‘ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ।
ਇਸ ਦੇ ਨਾਲ ਹੀ ਦੋਹਾਂ ਨੇਤਾਵਾਂ ਨੇ ਯੂਕਰੇਨ ‘ਚ ਮਨੁੱਖੀ ਸੰਕਟ ‘ਤੇ ਵੀ ਚਰਚਾ ਕੀਤੀ। 14ਵੇਂ ਭਾਰਤ-ਜਾਪਾਨ ਸਿਖਰ ਸੰਮੇਲਨ ਦੇ ਹਿੱਸੇ ਵਜੋਂ ਪੀਐਮ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ, ਕਿਸ਼ਿਦਾ ਨੇ ਮੀਡੀਆ ਨੂੰ ਕਿਹਾ, ‘ਮੈਂ ਪੀਐਮ ਮੋਦੀ ਨੂੰ ਕਿਹਾ ਹੈ ਕਿ ਤਾਕਤ ਦੇ ਜ਼ਰੀਏ ਸਥਿਤੀ ਨੂੰ ਇਕਪਾਸੜ ਤੌਰ ‘ਤੇ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦੀ ਕਿਸੇ ਵੀ ਖੇਤਰ ਵਿੱਚ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਦੋਵਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਸਾਰੇ ਵਿਵਾਦਾਂ ਨੂੰ ਸ਼ਾਂਤੀਪੂਰਵਕ ਨਿਪਟਾਉਣ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟਾਈ।
ਵੀਡੀਓ ਲਈ ਕਲਿੱਕ ਕਰੋ -: