ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟ ਗਿਆ ਹੈ। ਇਸਨੂੰ ਪੋਪੋਕੇਟਪੇਟਲ ਵਜੋਂ ਜਾਣਿਆ ਜਾਂਦਾ ਹੈ। ਇਹ ਜਵਾਲਾਮੁਖੀ ਮੱਧ ਮੈਕਸੀਕੋ ਵਿੱਚ ਸਥਿਤ ਹੈ। ਜਵਾਲਾਮੁਖੀ ਫਟਣ ‘ਤੋਂ ਬਾਅਦ ਐਤਵਾਰ ਨੂੰ ਇਸ ਖੇਤਰ ‘ਚ ਅਲਰਟ ਵਧਾ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਸਕੂਲ ਅਤੇ ਜਨਤਕ ਪਾਰਕਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਈ ਉਡਾਣਾਂ ਵੀ ਦੇਰੀ ਨਾਲ ਉਡਾਣ ਭਰ ਰਹੀਆਂ ਹਨ।
ਮੈਕਸੀਕੋ ਦੇ ਨੈਸ਼ਨਲ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਸ਼ਨ (CNPC) ਨੇ ਐਤਵਾਰ ਨੂੰ ਯੈਲੋ ਫੇਜ਼ 3 ਅਲਰਟ ਜਾਰੀ ਕੀਤਾ। ਲਗਭਗ 25 ਮਿਲੀਅਨ ਲੋਕ ਜਵਾਲਾਮੁਖੀ ਦੇ 60 ਮੀਲ ਦੇ ਅੰਦਰ ਰਹਿੰਦੇ ਹਨ। ਇਸ ਲਈ ਜਵਾਲਾਮੁਖੀ ਦੇ ਆਲੇ-ਦੁਆਲੇ ਦੇ ਪਿੰਡਾਂ ‘ਚ ਰਹਿਣ ਵਾਲੇ ਕਰੀਬ 30 ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ਗਈ ਹੈ।
CNPC ਨੇ ਜਵਾਲਾਮੁਖੀ ਦੇ ਆਸ-ਪਾਸ ਤੇਜ਼ੀ ਨਾਲ ਸੁਆਹ ਫੈਲਣ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਸੁਆਹ ਫੈਲਣ ਤੋਂ ਬਾਅਦ ਮੈਕਸੀਕੋ ਸਿਟੀ ਦੇ ਬੇਨੀਟੋ ਜੁਆਰੇਜ਼ ਅੰਤਰਰਾਸ਼ਟਰੀ ਹਵਾਈ ਅੱਡੇ (AICM) ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਵਾਲਾਮੁਖੀ 15 ਮਈ ਤੋਂ ਸਰਗਰਮ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀਆਂ ਗਤੀਵਿਧੀਆਂ ਹੋਰ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਕੋਰਟ ਨੇ ਨਿਆਇਕ ਹਿਰਾਸਤ 1 ਜੂਨ ਤੱਕ ਵਧਾਈ
ਪੋਪੋਕੇਟਪੇਟਲ ਨੂੰ ਮੈਕਸੀਕੋ ਦਾ ਸਭ ਤੋਂ ਖਤਰਨਾਕ ਜਵਾਲਾਮੁਖੀ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਦੇ ਆਸ-ਪਾਸ ਵੱਡੀ ਗਿਣਤੀ ਵਿਚ ਲੋਕ ਰਹਿੰਦੇ ਹਨ। ਪੋਪੋਕੇਟਪੇਟਲ ਜਵਾਲਾਮੁਖੀ ਪਹਿਲੀ ਵਾਰ 1994 ਵਿੱਚ ਸਰਗਰਮ ਸੀ। ਇਸ ਤੋਂ ਬਾਅਦ ਸਾਲ 2000 ‘ਚ ਵੱਡਾ ਧਮਾਕਾ ਹੋਇਆ ਸੀ। ਫਿਰ ਕਰੀਬ 50 ਹਜ਼ਾਰ ਲੋਕਾਂ ਨੂੰ ਇਲਾਕਾ ਖਾਲੀ ਕਰਨਾ ਪਿਆ। ਇਸ ਤੋਂ ਬਾਅਦ ਵੀ ਇਹ ਜਵਾਲਾਮੁਖੀ ਕਈ ਵਾਰ ਸਰਗਰਮ ਹੋ ਚੁੱਕਾ ਹੈ, ਜਿਸ ਦੇ ਮੱਦੇਨਜ਼ਰ ਅਧਿਕਾਰੀ ਸਮੇਂ-ਸਮੇਂ ‘ਤੇ ਚਿਤਾਵਨੀਆਂ ਦਿੰਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: