ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਪਾਣੀ ਨੂੰ ਲੈ ਕੇ ਭਾਰੀ ਹਿੰਸਾ ਹੋਈ ਹੈ। ਪਾਣੀ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਇਹ ਟਕਰਾਅ ਹੁਣ ਹਿੰਸਕ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਸਿੰਧ ਸੂਬੇ ਦੇ ਗ੍ਰਹਿ ਮੰਤਰੀ ਜ਼ਿਆ ਲੰਜਾਰ ਦੇ ਗ੍ਰਹਿ ਜ਼ਿਲ੍ਹੇ, ਨੌਸ਼ਹਿਰੋ ਫਿਰੋਜ਼ ਦੇ ਮੋਰੋ ਕਸਬੇ ਵਿੱਚ ਝੜਪਾਂ ਦੌਰਾਨ ਇੱਕ ਪ੍ਰਦਰਸ਼ਨਕਾਰੀ ਮਾਰਿਆ ਗਿਆ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਵੱਲੋਂ ਸਿੰਧ ਸੂਬੇ ਦੇ ਗ੍ਰਹਿ ਮੰਤਰੀ ਦੇ ਘਰ ਨੂੰ ਸਾੜ ਦਿੱਤਾ ਗਿਆ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ ਇਸ ਬੇਰਹਿਮੀ ਭਰੀ ਹਿੰਸਾ ਵਿੱਚ ਇੱਕ ਡੀਐਸਪੀ ਸਮੇਤ ਛੇ ਹੋਰ ਪੁਲਿਸ ਵਾਲੇ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਮੀਡੀਆ ਨੇ ਰਿਪੋਰਟ ਵਿੱਚ ਦਰਜਨਾਂ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ। ਸੜਕਾਂ ‘ਤੇ ਬਹੁਤ ਸਾਰੇ ਵਾਹਨ ਸਾੜੇ ਗਏ ਹਨ ਅਤੇ ਹਫੜਾ-ਦਫੜੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਹਿੰਸਾ ਉਦੋਂ ਭੜਕ ਗਈ ਜਦੋਂ ਪੁਲਿਸ ਨੇ ਸਿੰਧ ਨਦੀ ‘ਤੇ ਨਵੀਆਂ ਨਹਿਰਾਂ ਦੇ ਪ੍ਰਸਤਾਵਿਤ ਨਿਰਮਾਣ ਵਿਰੁੱਧ ਸਿੰਧ ਸਭਾ ਵੱਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ਨੂੰ ਖਿੰਡਾਉਣ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਮੋਰੋ ਬਾਈਪਾਸ ਸੜਕ ਨੂੰ ਜਾਮ ਕਰ ਦਿੱਤਾ। ਸਿੰਧ ਸੂਬੇ ਵਿੱਚ ਪਾਣੀ ਨੂੰ ਲੈ ਕੇ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ DC ਦਫਤਰ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧ.ਮ.ਕੀ, ਭਾਰੀ ਪੁਲਿਸ ਫੋਰਸ ਤਾਇਨਾਤ
ਰਿਪੋਰਟਾਂ ਮੁਤਾਬਕ ਸਿੰਧ ਪ੍ਰਾਂਤ ਪਹਿਲਾਂ ਹੀ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। 1999 ਅਤੇ 2023 ਦੇ ਵਿਚਕਾਰ ਸਿੰਧ ਨੂੰ ਔਸਤਨ 40 ਫੀਸਦੀ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਪੰਜਾਬ ਨੂੰ 15 ਫੀਸਦੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਇਸ ਪਾਣੀ ਦੇ ਸੰਕਟ ਕਾਰਨ 25 ਲੱਖ ਏਕੜ ਅੰਬ ਦੇ ਬਾਗ ਅਤੇ ਹੋਰ ਫਸਲਾਂ ਸੁੱਕਣ ਦੇ ਕੰਢੇ ਹਨ। ਇਸ ਤੋਂ ਇਲਾਵਾ, ਸਮੁੰਦਰੀ ਪਾਣੀ ਦੇ ਕਬਜ਼ੇ ਕਾਰਨ ਤੱਟਵਰਤੀ ਖੇਤਰਾਂ ਵਿੱਚ ਖੇਤੀਬਾੜੀ ਜ਼ਮੀਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਸਿੰਧ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਨਾਗਰਿਕ ਸੰਗਠਨਾਂ ਅਤੇ ਕਿਸਾਨ ਯੂਨੀਅਨਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ।
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਲਰਕਾਨਾ ਤੋਂ ਥੱਟਾ ਤੱਕ ਰੈਲੀਆਂ ਦਾ ਆਯੋਜਨ ਕੀਤਾ, ਜਦੋਂ ਕਿ ਸਿੰਧ ਯੂਨਾਈਟਿਡ ਪਾਰਟੀ, ਸਿੰਧ ਅਬਾਦਗਾਰ ਇੱਤੇਹਾਦ ਅਤੇ ਜੀਏ ਸਿੰਧ ਕੌਮੀ ਮਹਾਜ਼ ਵਰਗੀਆਂ ਸੰਸਥਾਵਾਂ ਨੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਵੀਡੀਓ ਲਈ ਕਲਿੱਕ ਕਰੋ -:
























