Public emergency in Washington DC: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਅਮਰੀਕਾ ਨੇ ਇੱਕ ਵਾਰ ਫਿਰ ਹਿੰਸਾ ਦਾ ਰੂਪ ਵੇਖਿਆ ਹੈ। ਇਸ ਵਾਰ ਵਾਸ਼ਿੰਗਟਨ ਸਥਿਤ ਕੈਪਿਟੋਲ ਹਿੱਲ ਵਿੱਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਜਦੋਂ ਭਾਰਤ ਵਿੱਚ ਦੇਰ ਰਾਤ ਦਾ ਸਮਾਂ ਸੀ, ਉਸ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੰਪ ਦੇ ਸਮਰਥਕ ਹਥਿਆਰਾਂ ਨਾਲ ਕੈਪਿਟੋਲ ਹਿੱਲ ਵਿੱਚ ਦਾਖਲ ਹੋਏ ਤੇ ਭੰਨ-ਤੋੜ ਕੀਤੀ, ਸੀਨੇਟਰਾਂ ਨੂੰ ਬਾਹਰ ਕੀਤਾ ਤੇ ਕਬਜ਼ਾ ਕਰ ਲਿਆ । ਹਾਲਾਂਕਿ, ਲੰਬੇ ਸੰਘਰਸ਼ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਕੈਪੀਟੋਲ ਹਿੱਲ ਨੂੰ ਸੁਰੱਖਿਅਤ ਕੀਤਾ। ਵਾਸ਼ਿੰਗਟਨ ਦੀ ਹਿੰਸਾ ਵਿੱਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਦਰਅਸਲ, ਕੈਪੀਟੋਲ ਹਿੱਲ ਵਿੱਚ ਇੱਕ ਇਲੈਕਟੋਰਲ ਕਾਲਜ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ਦੇ ਤਹਿਤ ਜੋ ਬਾਇਡੇਨ ਦੇ ਰਾਸ਼ਟਰਪਤੀ ਬਣਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਵਾਸ਼ਿੰਗਟਨ ਵਿੱਚ ਮਾਰਚ ਕੱਢਿਆ ਅਤੇ ਕੈਪੀਟੋਲ ਹਿੱਲ ‘ਤੇ ਹਮਲਾ ਕਰ ਦਿੱਤਾ। ਇੱਥੇ, ਡੌਨਲਡ ਟਰੰਪ ਨੂੰ ਸੱਤਾ ਵਿੱਚ ਰੱਖਣ, ਵੋਟਾਂ ਨੂੰ ਦੁਬਾਰਾ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ ਜਾ ਰਹੀ ਸੀ।
ਵਾਸ਼ਿੰਗਟਨ ਪੁਲਿਸ ਅਨੁਸਾਰ ਵੀਰਵਾਰ ਨੂੰ ਹੋਈ ਇਸ ਹਿੰਸਾ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ । ਇਨ੍ਹਾਂ ਵਿੱਚੋਂ ਇੱਕ ਮਹਿਲਾ ਦੀ ਪੁਲਿਸ ਦੀ ਗੋਲੀ ਕਾਰਨ ਮੌਤ ਹੋ ਗਈ ਹੈ । ਜਦੋਂ ਪੂਰੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਤਾਂ ਟਰੰਪ ਦੇ ਸਮਰਥਕਾਂ ਕੋਲ ਬੰਦੂਕਾਂ ਤੋਂ ਇਲਾਵਾ ਹੋਰ ਖਤਰਨਾਕ ਚੀਜ਼ਾਂ ਵੀ ਮੌਜੂਦ ਸਨ। ਅਮਰੀਕਾ ਦੇ ਵਾਸ਼ਿੰਗਟਨ ਵਿੱਚ ਹੋਈ ਹਿੰਸਾ ਤੋਂ ਬਾਅਦ ਪਬਲਿਕ ਐਮਰਜੈਂਸੀ ਲਗਾਈ ਗਈ ਹੈ । ਵਾਸ਼ਿੰਗਟਨ ਦੇ ਮੇਅਰ ਦੇ ਅਨੁਸਾਰ ਐਮਰਜੈਂਸੀ ਨੂੰ 15 ਦਿਨਾਂ ਲਈ ਵਧਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅਮਰੀਕਾ ਵਿੱਚ ਅਜਿਹੇ ਬਵਾਲਾਂ ਦੀ ਖਬਰ ਪੂਰੀ ਦੁਨੀਆ ਵਿੱਚ ਅੱਗ ਵਾਂਗ ਫੈਲ ਗਈ । ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਅਤੇ ਕਈ ਹੋਰ ਰਾਜ ਮੁਖੀਆਂ ਨੇ ਹਿੰਸਾ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਅਮਰੀਕੀ ਇਤਿਹਾਸ ਲਈ ਕਾਲਾ ਦਿਨ ਕਰਾਰ ਦਿੱਤਾ ।
ਇਹ ਵੀ ਦੇਖੋ: ਟ੍ਰੈਕਟਰ ਰੈਲੀ ਲਈ ਹੋ ਜਾਓ ਤਿਆਰ, ਜੇ ਖ਼ਰਾਬੀ ਪਈ ਤਾਂ ਮੁਫ਼ਤ ਹੋਵੇਗੀ ਰਿਪੇਅਰ