ਰੂਸ ਦੁਆਰਾ ਯੂਕਰੇਨ ‘ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਖਬਰ ਆਈ ਹੈ ਕਿ ਯੂਕਰੇਨ ਦੇ ਪ੍ਰਮਾਣੂ ਪਾਵਰ ਪਲਾਂਟ ‘ਚ ਅੱਗ ਲੱਗ ਗਈ ਹੈ। ਅੱਗ ਲੱਗਣ ਦਾ ਕਾਰਨ ਰੂਸੀ ਫੌਜ ਵੱਲੋਂ ਦੱਸਿਆ ਜਾ ਰਿਹਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਦੁਨੀਆ ਨੂੰ ਚੇਤਾਵਨੀ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜੇਕਰ ਵਲਾਦੀਮੀਰ ਪੁਤਿਨ ਨੂੰ ਨਾ ਰੋਕਿਆ ਗਿਆ ਤਾਂ ਤਬਾਹੀ ਹੋਵੇਗੀ। ਹਾਲਾਂਕਿ, ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਸਥਿਤੀ ਹੁਣ ਤੱਕ ਕਾਬੂ ਵਿੱਚ ਹੈ ਅਤੇ ਪਲਾਂਟ ਦੇ ਰੇਡੀਏਸ਼ਨ ਪੱਧਰ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ।
ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਇੱਕ ਟਵੀਟ ਰਾਹੀਂ ਦਾਅਵਾ ਕੀਤਾ ਕਿ ਰੂਸੀ ਫੌਜ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ ਜੈਪੋਰੋਜ਼ਾਈ ਐਨਪੀਪੀ ‘ਤੇ ਚਾਰੇ ਪਾਸਿਓਂ ਗੋਲੀਬਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗ ਚੁੱਕੀ ਹੈ। ਜੇਕਰ ਇਹ ਧਮਾਕਾ ਕਰਦਾ ਹੈ, ਤਾਂ ਇਹ ਚੇਰਨੋਬਲ ਨਾਲੋਂ 10 ਗੁਣਾ ਜ਼ਿਆਦਾ ਧਮਾਕਾ ਹੋਵੇਗਾ। ਰੂਸੀਆਂ ਨੂੰ ਤੁਰੰਤ ਗੋਲੀਬਾਰੀ ਬੰਦ ਕਰਨੀ ਚਾਹੀਦੀ ਹੈ ਅਤੇ ਇਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫਾਇਰ ਬ੍ਰਿਗੇਡ ਨੂੰ ਤਾਇਨਾਤ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ 26 ਅਪ੍ਰੈਲ 1986 ਨੂੰ ਚਰਨੋਬਲ ਨਿਊਕਲੀਅਰ ਪਾਵਰ ਪਲਾਂਟ ਦੇ ਚੌਥੇ ਰਿਐਕਟਰ ਵਿੱਚ ਧਮਾਕਾ ਹੋਇਆ ਸੀ। ਇਸ ਨੂੰ ਹੁਣ ਤੱਕ ਦਾ ਸਭ ਤੋਂ ਭਿਆਨਕ ਪ੍ਰਮਾਣੂ ਹਾਦਸਾ ਕਿਹਾ ਜਾਂਦਾ ਹੈ।
ਉੱਥੇ ਹੀ, ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗ੍ਰੋਸੀ ਨੇ ਯੂਕਰੇਨ ਦੇ ਪ੍ਰਧਾਨ ਮੰਤਰੀ ਅਤੇ ਯੂਕਰੇਨ ਦੇ ਪ੍ਰਮਾਣੂ ਰੈਗੂਲੇਟਰ ਅਤੇ ਆਪਰੇਟਰ ਨਾਲ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਗੋਲੀਬਾਰੀ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦੇ ਨਤੀਜੇ ਘਾਤਕ ਹੋਣਗੇ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਇਸ ਮੁੱਦੇ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਰੂਸ ਵੱਲੋਂ ਅਜੇ ਵੀ ਹਮਲੇ ਕੀਤੇ ਜਾ ਰਹੇ ਹਨ। ਖੇਰਸਨ ‘ਚ ਰੂਸੀ ਹਮਲੇ ‘ਚ 9 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੌਰਾਨ ਵਲਾਦੀਮੀਰ ਪੁਤਿਨ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਦੀ ਵੀ ਖਬਰ ਹੈ।
ਵੀਡੀਓ ਲਈ ਕਲਿੱਕ ਕਰੋ -: