Trump becomes first US president: ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਖਿਲਾਫ਼ ਦੋ ਵਾਰ ਬੇਭਰੋਸਗੀ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ । ਪ੍ਰਤੀਨਿਧੀ ਸਭਾ ਨੇ ਟਰੰਪ ਖਿਲਾਫ਼ ਬੇਭਰੋਸਗੀ ਪ੍ਰਸਤਾਵ ‘ਤੇ ਆਪਣੀ ਮੁਹਰ ਲਗਾ ਦਿੱਤੀ ਹੈ। ਬੇਭਰੋਸਗੀ ਮਤੇ ਦੌਰਾਨ ਹੱਕ ਵਿੱਚ 232 ਅਤੇ ਵਿਰੋਧੀ ਧਿਰ ਨੂੰ 197 ਵੋਟਾਂ ਪਈਆਂ । 10 ਰਿਪਬਲੀਕਨ ਸੰਸਦ ਮੈਂਬਰਾਂ ਨੇ ਵੀ ਬੇਭਰੋਸਗੀ ਦੇ ਹੱਕ ਵਿੱਚ ਵੋਟ ਦਿੱਤੀ । ਹੁਣ 19 ਜਨਵਰੀ ਨੂੰ ਸੀਨੇਟ ਵਿੱਚ ਇਹ ਪ੍ਰਸਤਾਵ ਸੈਨੇਟ ਲਿਆਂਦਾ ਜਾਵੇਗਾ । ਇਸ ਬੇਭਰੋਸਗੀ ਮਤੇ ਵਿੱਚ ਟਰੰਪ ‘ਤੇ 6 ਜਨਵਰੀ ਨੂੰ ‘ਰਾਜਧ੍ਰੋਹ ਲਈ ਉਕਸਾਉਣ’ ਦਾ ਦੋਸ਼ ਲਗਾਇਆ ਗਿਆ ਹੈ । ਦਰਅਸਲ, ਸੀਨੇਟ ਵਿੱਚ ਬੇਭਰੋਸਗੀ ਮਤਾ ਪਾਸ ਕਰਨ ਲਈ ਦੋ ਤਿਹਾਈ ਮੈਂਬਰਾਂ ਦੀਆਂ ਵੋਟਾਂ ਦੀ ਜਰੂਰਤ ਹੁੰਦੀ ਹੈ। ਜੇ ਸੀਨੇਟ ਵਿੱਚ ਮਤਾ ਪਾਸ ਹੋ ਜਾਂਦਾ ਹੈ, ਤਾਂ ਟਰੰਪ ਨੂੰ ਸਮੇਂ ਤੋਂ ਪਹਿਲਾਂ ਰਾਸ਼ਟਰਪਤੀ ਅਹੁਦਾ ਛੱਡਣਾ ਪਵੇਗਾ।
ਦਰਅਸਲ, ਡੋਨਾਲਡ ਟਰੰਪ ਖਿਲਾਫ ਇਹ ਦੂਜਾ ਬੇਭਰੋਸਗੀ ਮਤਾ ਹੈ। ਇਸ ਤੋਂ ਪਹਿਲਾਂ ਪ੍ਰਤੀਨਿਧ ਸਭਾ ਨੇ 18 ਦਸੰਬਰ 2019 ਨੂੰ ਟਰੰਪ ਦੇ ਵਿਰੁੱਧ ਬੇਭਰੋਸਗੀ ਦੇ ਦੋਸ਼ ਨੂੰ ਪਾਸ ਕੀਤਾ ਸੀ। ਪਰ ਫਰਵਰੀ 2020 ਵਿੱਚ ਰਿਪਬਲੀਕਨ ਪਾਰਟੀ ਨੂੰ ਕੰਟਰੋਲ ਕਰਨ ਵਾਲੀ ਸੀਨੇਟ ਨੇ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ । ਉਸ ਦੌਰਾਨ ਇਹ ਦੋਸ਼ ਲਗਾਏ ਗਏ ਸਨ ਕਿ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ‘ਤੇ ਦਬਾਅ ਪਾਇਆ ਕਿ ਉਹ ਬਾਇਡੇਨ ਅਤੇ ਉਨ੍ਹਾਂ ਦੇ ਬੇਟੇ ਵਿਰੁੱਧ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਵਾਏ।
ਵ੍ਹਾਈਟ ਹਾਊਸ ਨੇ ਬੇਭਰੋਸਗੀ ਮਤੇ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਸ਼ਰਮਨਾਕ ਰਾਜਨੀਤਿਕ ਘਟਨਾਵਾਂ ਵਿਚੋਂ ਇੱਕ ਦੱਸਿਆ ਹੈ। ਅਮਰੀਕਾ ਦੇ 243 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਨੂੰ ਬੇਭਰੋਸਗੀ ਮਤੇ ਤੋਂ ਬਾਅਦ ਅਹੁਦੇ ਤੋਂ ਨਹੀਂ ਹਟਾਇਆ ਗਿਆ।
ਦੱਸ ਦੇਈਏ ਕਿ ਡੈਮੋਕਰੇਟਸ ਨੇ ਅਮਰੀਕੀ ਕੈਪੀਟਲ ਬਿਲਡਿੰਗ ਵਿੱਚ ਹਿੰਸਾ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੂੰ ਉਕਸਾਉਣ ਲਈ ਦੋਸ਼ੀ ਠਹਿਰਾਇਆ ਸੀ। ਇਸ ਹਿੰਸਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ । ਟਰੰਪ ਦਾ ਕਾਰਜਕਾਲ ਪੂਰਾ ਹੋਣ ਵਿੱਚ ਅਜੇ ਕੁਝ ਦਿਨ ਬਾਕੀ ਹਨ । ਅਮਰੀਕੀ ਡੈਮੋਕਰੇਟਿਕ ਰਾਸ਼ਟਰਪਤੀ ਜੋ ਬਾਇਡੇਨ ਦੀ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ 20 ਜਨਵਰੀ ਤੋਂ ਪਹਿਲਾਂ ਟਰੰਪ ਨੂੰ ਹਟਾਉਣ ਦੀ ਤਿਆਰੀ ਕਰ ਲਈ ਹੈ । ਬਾਈਡੇਨ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ।
ਇਹ ਵੀ ਦੇਖੋ: ਸਿਰਮੌਰ ਕਿਸਾਨੀ ਮੰਚ ਤੋਂ ਬਲਬੀਰ ਸਿੰਘ ਰਾਜੇਵਾਲ ਦੀਆਂ ਖਰੀਆਂ-ਖਰੀਆਂ