Trump second Senate impeachment: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੀਨੇਟ ਵਿੱਚ ਅੱਜ ਭਾਵ ਮੰਗਲਵਾਰ ਤੋਂ ਮਹਾਦੋਸ਼ ਚਲਾਉਣ ਲਈ ਟ੍ਰਾਇਲ ਸ਼ੁਰੂ ਹੋਵੇਗਾ । ਕਾਰਵਾਈ ਭਾਰਤੀ ਸਮੇਂ ਮੁਤਾਬਕ ਦੇਰ ਰਾਤ 11:30 ਵਜੇ ਤੋਂ ਸ਼ੁਰੂ ਹੋ ਜਾਵੇਗੀ । ਅਮਰੀਕੀ ਲੋਕਤੰਤਰ ਦੇ 231 ਸਾਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਰਾਸ਼ਟਰਪਤੀ ਨੂੰ ਦੂਜੀ ਵਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉੱਥੇ ਹੀ ਵ੍ਹਾਈਟ ਹਾਊਸ ਤੋਂ ਵਿਦਾ ਹੋਣ ਮਗਰੋਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਟਰੰਪ ਅਜਿਹੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ।
ਦਰਅਸਲ, ਮਹਾਦੋਸ਼ ਦੀ ਸੁਣਵਾਈ ਲਈ ਡੈਮੋਕ੍ਰੈਟਿਕ ਪਾਰਟੀ ਨੂੰ ਸੀਨੇਟ ਵਿੱਚ ਦੋ ਤਿਹਾਈ ਵੋਟਾਂ ਦੀ ਲੋੜ ਹੋਵੇਗੀ । ਵਰਤਮਾਨ ਵਿੱਚ 100 ਸੀਟਾਂ ਵਾਲੀ ਸੀਨੇਟ ਵਿੱਚ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਦੋਵੇਂ ਦਲਾਂ ਦੇ 50-50 ਮੈਂਬਰ ਹਨ । ਦੋ ਤਿਹਾਈ ਬਹੁਮਤ ਲਈ ਡੈਮੋਕ੍ਰੈਟਿਕ ਪਾਰਟੀ ਨੂੰ ਰੀਪਬਲਿਕਨ ਪਾਰਟੀ ਦੇ ਘੱਟੋ-ਘੱਟ 17 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਵੋਟਿੰਗ ਦੇ 64 ਦਿਨ ਬਾਅਦ ਸੰਸਦ ਵੱਲੋਂ ਜਦੋਂ ਜੋ ਬਾਇਡੇਨ ਦੀ ਜਿੱਤ ‘ਤੇ ਮੁਹਰ ਲਗਾਈ ਜਾ ਰਹੀ ਸੀ ਤਾਂ ਉਸੇ ਦਿਨ ਅਮਰੀਕੀ ਲੋਕਤੰਤਰ ਸ਼ਰਮਿੰਦਾ ਹੋ ਗਿਆ। ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿਲ ‘ਤੇ ਹਮਲਾ ਕਰਦਿਆਂ ਕਾਫੀ ਭੰਨ-ਤੋੜ ਅਤੇ ਹਿੰਸਾ ਕੀਤੀ ਸੀ । ਇਸ ਹਿੰਸਾ ਦੌਰਾਨ ਕੈਪੀਟਲ ਹਿਲ ਬਿਲਡਿੰਗ ਵਿੱਚ ਅਮਰੀਕੀ ਸੰਸਦ ਦੇ ਦੋਵੇਂ ਸਦਨ ਹਾਊਸ ਆਫ ਰੀਪ੍ਰੀਜੈਂਟੇਟਿਵ ਅਤੇ ਸੀਨੇਟ ਹਨ। ਟਰੰਪ ਸਮਰਥਕਾਂ ਦੇ ਹੰਗਾਮੇ ਕਾਰਨ ਕੁਝ ਸਮੇਂ ਤੱਕ ਕਾਰਵਾਈ ਰੋਕਣੀ ਪਈ ਸੀ । ਇਸ ਹਿੰਸਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।
ਮਹਾਦੋਸ਼ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟ੍ਰਾਇਲ ਟਰੰਪ ਦੇ ਪਿਛਲੇ ਸਾਲ ਦੀ ਤੁਲਨਾ ਵਿੱਚ ਘੱਟ ਸਮੇਂ ਦਾ ਹੋਵੇਗਾ, ਜੋ ਲਗਭਗ 3 ਹਫਤਿਆਂ ਤੱਕ ਚੱਲਿਆ ਸੀ। ਸੀਨੇਟਰਾਂ ਨੂੰ ਮਾਮਲੇ ਦੇ ਬਾਰੇ ਵਿੱਚ ਕਈ ਚੀਜ਼ਾਂ ਪਹਿਲਾਂ ਤੋਂ ਪਤਾ ਹਨ ਜੋ ਇਸ ਹਿੰਸਾ ਦੌਰਾਨ ਕੈਪੀਟਲ ਹਿਲ ਵਿੱਚ ਹੋਈਆਂ ਸਨ।
ਦੱਸ ਦੇਈਏ ਕਿ ਟਰੰਪ ਖ਼ਿਲਾਫ਼ ਪਿਛਲੇ ਸਾਲ ਵੀ ਮਹਾਦੋਸ਼ ਪ੍ਰਸਤਾਵ ਲਿਆਂਦਾ ਗਿਆ ਸੀ । ਸੰਸਦ ਦਾ ਹੇਠਲਾ ਸਦਨ ਹਾਊਸ ਆਫ ਰੀਪ੍ਰੀਜੇਂਟੇਟਿਵ (HOR) ਵਿੱਚ ਡੈਮੋਕ੍ਰੈਟਸ ਦੇ ਬਹੁਮਤ ਕਾਰਨ ਇਹ ਪਾਸ ਹੋ ਗਿਆ ਸੀ, ਪਰ ਸੀਨੇਟ ਵਿੱਚ ਰੀਪਬਲਿਕਨ ਦੀ ਬਹੁਗਿਣਤੀ ਕਾਰਨ ਪ੍ਰਸਤਾਵ ਪਾਸ ਨਹੀਂ ਹੋ ਸਕਿਆ । ਟਰੰਪ ‘ਤੇ ਦੋਸ਼ ਸੀ ਕਿ ਉਹਨਾਂ ਨੇ ਬਾਇਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਨ ਲਈ ਯੂਕਰੇਨ ‘ਤੇ ਦਬਾਅ ਪਾਇਆ ਸੀ।
ਇਹ ਵੀ ਦੇਖੋ: BIG BREAKING: ਜ਼ੀਰਕਪੁਰ ਤੋਂ ਦੀਪ ਸਿੱਧੂ ਹੋਇਆ ਗ੍ਰਿਫ਼ਤਾਰ, ਸੁਣੋ ਸਾਰੀ ਅਹਿਮ ਜਾਣਕਾਰੀ !