Trump signed law slapping sanctions: ਅਮਰੀਕਾ ਅਤੇ ਚੀਨ ਵਿਚਾਲੇ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਦੱਖਣੀ ਚੀਨ ਸਾਗਰ ਵਿੱਚ ਪਹਿਲੀ ਵਾਰ ਚੀਨ ਦੇ ਦਾਅਵੇ ਨੂੰ ਰੱਦ ਕਰਨ ਤੋਂ ਬਾਅਦ ਹੁਣ ਅਮਰੀਕਾ ਨੇ ਹਾਂਗ ਕਾਂਗ ਨੂੰ ਲੈ ਕੇ ਚੀਨ ਵਿਰੁੱਧ ਕਾਰਵਾਈ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹਾਂਗ ਕਾਂਗ ਦੇ ਖੁਦਮੁਖਤਿਆਰੀ ਵਿੱਚ ਦਖਲਅੰਦਾਜ਼ੀ ਨੂੰ ਲੈ ਕੇ ਚੀਨ ‘ਤੇ ਪਾਬੰਦੀਆਂ ਲਗਾਉਣ ਦੇ ਬਿੱਲ ‘ਤੇ ਦਸਤਖਤ ਕਰ ਦਿੱਤੇ ਹਨ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਹਾਂਗ ਕਾਂਗ ਦੀ ਵਿਸ਼ੇਸ਼ ਸਥਿਤੀ ਨੂੰ ਖਤਮ ਕਰਨ ਦੇ ਆਦੇਸ਼ ‘ਤੇ ਵੀ ਦਸਤਖਤ ਕੀਤੇ ਹਨ । ਹਾਂਗ ਕਾਂਗ ਨੂੰ ਵਪਾਰ ਵਿੱਚ ਅਮਰੀਕਾ ਤੋਂ ਹਰ ਕਿਸਮ ਦੀ ਛੋਟ ਮਿਲਦੀ ਸੀ। ਟਰੰਪ ਨੇ ਕਿਹਾ, ਹਾਂਗ ਕਾਂਗ ਹੁਣ ਮੇਨਲੈਂਡ ਚੀਨ ਦੀ ਤਰ੍ਹਾਂ ਹੀ ਦਿਖਾਈ ਦੇਵੇਗਾ । ਨਾ ਕੋਈ ਅਧਿਕਾਰ, ਨਾ ਕੋਈ ਵਿਸ਼ੇਸ਼ ਆਰਥਿਕ ਰਿਆਇਤਾਂ ਅਤੇ ਨਾ ਹੀ ਸੰਵੇਦਨਸ਼ੀਲ ਤਕਨਾਲੋਜੀ ਦਾ ਨਿਰਯਾਤ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਵੀ ਚੀਨ ਦੀ ਤਰ੍ਹਾਂ ਹਾਂਗਕਾਂਗ ‘ਤੇ ਭਾਰੀ ਟੈਕਸ ਲਗਾ ਰਹੇ ਹਾਂ।
ਦਰਅਸਲ, ਇਸ ਕਾਨੂੰਨ ਨੂੰ ‘ਹਾਂਗ ਕਾਂਗ ਆਟੋਨੋਮੀ ਐਕਟ’ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਤਹਿਤ, ਚੀਨੀ ਅਧਿਕਾਰੀਆਂ ਅਤੇ ਹਾਂਗਕਾਂਗ ਵਿੱਚ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਨ ਵਾਲੀਆਂ ਕੰਪਨੀਆਂ ‘ਤੇ ਪਾਬੰਦੀ ਹੋਵੇਗੀ । ਇਹ ਬਿੱਲ ਇਸ ਮਹੀਨੇ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਪਾਸ ਕੀਤਾ ਗਿਆ ਹੈ । ਟਰੰਪ ਪ੍ਰਸ਼ਾਸਨ ਹਾਂਗ ਕਾਂਗ ਵਿੱਚ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਆਲੋਚਨਾ ਕਰਦਾ ਰਿਹਾ ਹੈ । ਕਿਹਾ ਜਾ ਰਿਹਾ ਹੈ ਕਿ ਇਸ ਕਾਨੂੰਨ ਦੀ ਵਰਤੋਂ ਹਾਂਗ ਕਾਂਗ ਦੀ ਖੁਦਮੁਖਤਿਆਰੀ ਨੂੰ ਸੀਮਿਤ ਕਰਨ ਅਤੇ ਚੀਨੀ ਕਮਿਊਨਿਸਟ ਪਾਰਟੀ ਵਿਰੁੱਧ ਆਲੋਚਨਾ ਕਰਨ ਵਾਲੇ ਸਾਹਿਤ ‘ਤੇ ਪਾਬੰਦੀ ਲਗਾਉਣ ਲਈ ਕੀਤੀ ਜਾਵੇਗੀ। ਇਸ ਮਹੀਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਕਾਨੂੰਨ ਨੂੰ ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ‘ਤੇ ਹਮਲਾ ਕਿਹਾ ਸੀ ।
ਦੱਸ ਦੇਈਏ ਕਿ ਹਾਂਗ ਕਾਂਗ ਹੁਣ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਦਾ ਨਵਾਂ ਮੁੱਦਾ ਬਣ ਗਿਆ ਹੈ। ਦੱਖਣੀ ਚੀਨ ਸਾਗਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਚੀਨ ਦੇ ਗ਼ੈਰਕਾਨੂੰਨੀ ਦਾਅਵੇ ਕਾਰਨ ਅਮਰੀਕਾ ਵਿੱਚ ਪੈਦਾ ਹੋਏ ਸਿਹਤ ਸੰਕਟ ਨੂੰ ਲੈ ਕੇ ਪਹਿਲਾਂ ਹੀ ਅਮਰੀਕਾ ਅਤੇ ਚੀਨ ਵਿੱਚ ਤਣਾਅ ਹੈ। ਟਰੰਪ ਪ੍ਰਸ਼ਾਸਨ ਕਈ ਮਹੀਨਿਆਂ ਤੋਂ ਇਹ ਸੰਕੇਤ ਦੇ ਰਿਹਾ ਸੀ ਕਿ ਚੀਨ ਵਿਰੁੱਧ ਕਈ ਕਦਮ ਚੁੱਕੇ ਜਾਣਗੇ । ਕੋਰੋਨਾ ਵਾਇਰਸ ਮਹਾਂਮਾਰੀ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਦਾ ਕਾਰਨ ਬਣੀ ਹੈ। ਇੱਥੋਂ ਤੱਕ ਕਿ ਟਰੰਪ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਕਹਿ ਚੁੱਕੇ ਹਨ।