Twitter flags Trump tweet: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ । ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਵੱਡਾ ਇਲਜ਼ਾਮ ਲਗਾਇਆ ਹੈ । ਡੋਨਾਲਡ ਟਰੰਪ ਨੇ ਇੱਕ ਟਵੀਟ ਵਿੱਚ ਲਿਖਿਆ ਹੈ ਕਿ ਅਸੀਂ ਇੱਕ ਵੱਡੀ ਜਿੱਤ ਵੱਲ ਵੱਧ ਰਹੇ ਹਾਂ, ਪਰ ਵਿਰੋਧੀ ਨਤੀਜੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਅਸੀਂ ਵਿਰੋਧੀਆਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ, ਜਦੋਂ ਪੋਲਿੰਗ ਬੰਦ ਹੋ ਗਈ ਹੈ, ਤਾਂ ਉਸ ਤੋਂ ਬਾਅਦ ਵੋਟਾਂ ਨਹੀਂ ਪਾਈਆਂ ਜਾ ਸਕਦੀਆਂ । ਟਰੰਪ ਨੇ ਕਿਹਾ ਹੈ ਕਿ ਉਹ ਅੱਜ ਰਾਤ ਜਲਦੀ ਹੀ ਇੱਕ ਬਿਆਨ ਜਾਰੀ ਕਰਨ ਜਾ ਰਹੇ ਹਨ । ਹਾਲਾਂਕਿ, ਟਰੰਪ ਦੇ ਇਸ ਟਵੀਟ ਨੂੰ ਟਵਿੱਟਰ ਨੇ ਬਲਾਕ ਕਰ ਦਿੱਤਾ ਗਿਆ ਹੈ। ਟਰੰਪ ਦੇ ਟਵੀਟ ਦੇ ਬਿਲਕੁਲ ਉੱਪਰ ਇੱਕ ਸੰਦੇਸ਼ ਵਿੱਚ ਮਾਈਕਰੋ-ਬਲੌਗਿੰਗ ਸਾਈਟ ਨੇ ਲਿਖਿਆ ਹੈ- ‘ਇਸ ਟਵੀਟ ਵਿੱਚ ਸਾਂਝੀ ਕੀਤੀ ਗਈ ਕੁਝ ਜਾਂ ਸਾਰੀ ਸਮੱਗਰੀ ਵਿਵਾਦਪੂਰਨ ਹੈ । ਇਹ ਚੋਣਾਂ ਜਾਂ ਹੋਰ ਨਾਗਰਿਕ ਪ੍ਰਕਿਰਿਆਵਾਂ ਬਾਰੇ ਗਲਤ ਹੋ ਸਕਦੀ ਹੈ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਸ਼ੁਰੂਆਤੀ ਰੁਝਾਨਾਂ ਵਿੱਚ ਉਹ ਬਹੁਤ ਪਿੱਛੇ ਚੱਲ ਰਹੇ ਹਨ। ਹੁਣ ਤੱਕ ਜੋ ਬਿਡੇਨ ਵੋਟਾਂ ਵਿੱਚ ਬਹੁਤ ਅੱਗੇ ਹਨ ਅਤੇ ਹੁਣ ਤੱਕ ਉਨ੍ਹਾਂ ਨੂੰ 223 ਵੋਟਾਂ ਮਿਲੀਆਂ ਹਨ, ਜਦਕਿ ਡੋਨਾਲਡ ਟਰੰਪ 212 ਵੋਟਾਂ ‘ਤੇ ਪਹੁੰਚ ਗਏ ਹਨ । ਜ਼ਿਕਰਯੋਗ ਹੈ ਕਿ ਅੱਜ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਟਰੰਪ ਆਪਣੇ ਵਿਰੋਧੀ ਬਿਡੇਨ ਤੋਂ ਪਿੱਛੇ ਚੱਲ ਰਹੇ ਸਨ ਪਰ ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਤੇਜ਼ੀ ਨਾਲ ਲੀਡ ਬਣਾ ਲਈ ਹੈ।