UK PM Boris Johnson expresses solidarity: ਉਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਬਾਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਭਾਰਤ ਨਾਲ ਇਕਜੁੱਟਤਾ ਦਿਖਾਈ। ਗਲੇਸ਼ੀਅਰ ਟੁੱਟਣ ਕਾਰਨ ਪੂਰੇ ਰਾਜ ਨੂੰ ਭਾਰੀ ਹੜ੍ਹ ਦੀ ਮਾਰ ਝੱਲਣੀ ਪਈ । ਇਸ ਤਬਾਹੀ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 170 ਲੋਕ ਲਾਪਤਾ ਦੱਸੇ ਜਾ ਰਹੇ ਹਨ । ਜਾਨਸਨ ਨੇ ਕਿਹਾ ਕਿ ਉਤਰਾਖੰਡ ਵਿੱਚ ਆਏ ਹੜ੍ਹਾਂ ਤੋਂ ਬਾਅਦ ਬ੍ਰਿਟੇਨ ਭਾਰਤ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ।
ਦਰਅਸਲ, ਬੋਰਿਸ ਜਾਨਸਨ ਨੇ ਆਪਣੇ ਟਵੀਟ ਵਿੱਚ ਕਿਹਾ, “ਮੇਰੀ ਹਮਦਰਦੀ ਭਾਰਤ ਦੇ ਲੋਕਾਂ ਅਤੇ ਉਤਰਾਖੰਡ ਦੇ ਬਚਾਅ ਕਰਮੀਆਂ ਦੇ ਨਾਲ ਹੈ ਜੋ ਗਲੇਸ਼ੀਅਰ ਟੁੱਟਣ ਤੋਂ ਬਾਅਦ ਭਾਰੀ ਹੜ੍ਹ ਦਾ ਸਾਹਮਣਾ ਕਰ ਰਹੇ ਹਨ । ਸੰਕਟ ਦੀ ਇਸ ਘੜੀ ਵਿੱਚ ਬ੍ਰਿਟੇਨ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਹੈ।”
ਜ਼ਿਕਰਯੋਗ ਹੈ ਕਿ ਬੀਤੇ ਦਿਨ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਧੌਲੀਗਾਂਗਾ ਅਤੇ ਅਲਕਨੰਦ ਨੰਦੀ ਵਿੱਚ ਭਾਰੀ ਹੜ੍ਹ ਆ ਗਏ। ਨਾਲ ਹੀ, ਰਿਸ਼ੀਗੰਗਾ ਬਿਜਲੀ ਪ੍ਰਾਜੈਕਟ ਅਤੇ ਆਸ-ਪਾਸ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ । ਇਸ ਘਟਨਾ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜ਼ੂਕੀ ਸਣੇ ਵਿਸ਼ਵ ਭਰ ਦੇ ਕਈ ਦਿੱਗਜ ਨੇਤਾਵਾਂ ਨੇ ਗਲੇਸ਼ੀਅਰ ਟੁੱਟਣ ਦੀ ਘਟਨਾ ਨਾਲ ਪ੍ਰਭਾਵਿਤ ਲੋਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਦੇਖੋ: ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ