US advised its citizens: ਵਾਸ਼ਿੰਗਟਨ: ਭਾਰਤ-ਅਮਰੀਕਾ ਦੀ ਦੋਸਤੀ ਬੇਸ਼ੱਕ ਇੱਕ ਨਵਾਂ ਆਯਾਮ ਪੈਦਾ ਕਰ ਰਹੀ ਹੋਵੇ, ਪਰ ਟਰੰਪ ਪ੍ਰਸ਼ਾਸਨ ਨੇ ਸਖਤ ਕਦਮ ਚੁੱਕਦਿਆਂ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਇਸ ਐਡਵਾਈਜ਼ਰੀ ਲਈ ਸਪੱਸ਼ਟ ਕਾਰਨ ਨਹੀਂ ਦਿੱਤਾ ਹੈ, ਪਰ ਅਜਿਹੀ ਸਲਾਹ ਸਿਰਫ ਅੱਤਵਾਦ, ਘਰੇਲੂ ਯੁੱਧ, ਸੰਗਠਿਤ ਅਪਰਾਧ ਅਤੇ ਮਹਾਂਮਾਰੀ ਵਰਗੇ ਕਾਰਨਾਂ ਕਰਕੇ ਦਿੱਤੀ ਜਾਂਦੀ ਹੈ । ਅਮਰੀਕਾ ਨੇ ਭਾਰਤ ਯਾਤਰਾ ਲਈ 4 ਦੀ ਰੇਟਿੰਗ ਨਿਰਧਾਰਤ ਕੀਤੀ ਹੈ, ਜੋ ਕਿ ਸਭ ਤੋਂ ਭੈੜੀ ਮੰਨੀ ਜਾਂਦੀ ਹੈ। ਇਸ ਰੇਟਿੰਗ ਵਿੱਚ ਅਮਰੀਕਾ ਨੇ ਯੁੱਧਗ੍ਰਸਤ ਸੀਰੀਆ, ਅੱਤਵਾਦ ਦੇ ਕੇਂਦਰ ਪਾਕਿਸਤਾਨ, ਈਰਾਨ, ਇਰਾਕ ਅਤੇ ਯਮਨ ਵਰਗੇ ਦੇਸ਼ਾਂ ਨੂੰ ਰੱਖਿਆ ਹੈ।
ਭਾਰਤ ਦੇ ਲਈ ਇਸ ਐਡਵਾਈਜ਼ਰੀ ਦਾ ਕਾਰਨ ਵੱਧ ਰਹੇ ਕੋਰੋਨਾ ਦੇ ਮਾਮਲੇ ਦੱਸੇ ਜਾ ਰਹੇ ਹਨ। ਮੰਨਿਆ ਜਾਂਦਾ ਹੈ ਕਿ ਇਸੇ ਕਾਰਨ ਟਰੰਪ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਭਾਰਤ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕੀ ਏਜੰਸੀਆਂ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਇਲਾਵਾ ਭਾਰਤ ਵਿੱਚ ਅਪਰਾਧ ਅਤੇ ਅੱਤਵਾਦ ਵਧਿਆ ਹੈ। ਇਸ ਐਡਵਾਈਜ਼ਰੀ ਵਿੱਚ ਔਰਤਾਂ ਵਿਰੁੱਧ ਵੱਧ ਰਹੇ ਅਪਰਾਧ ਅਤੇ ਅੱਤਵਾਦ ਨੂੰ ਵੀ ਯਾਤਰਾ ਨਾ ਕਰਨ ਦੇ ਕਾਰਨਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ, ਇੰਡੀਅਨ ਟੂਰਿਜ਼ਮ ਐਂਡ ਹੋਸਪਿਟੈਲਿਟੀ ਐਸੋਸੀਏਸ਼ਨ (FAITH) ਨੇ ਭਾਰਤ ਸਰਕਾਰ ਨੂੰ ਯਾਤਰਾ ਸਲਾਹਕਾਰ ਬਦਲਣ ਲਈ ਅਮਰੀਕੀ ਸਰਕਾਰ ‘ਤੇ ਦਬਾਅ ਪਾਉਣ ਦੀ ਅਪੀਲ ਕੀਤੀ ਹੈ।
ਇਸ ਬਾਰੇ FAITH ਨੇ ਕਿਹਾ ਹੈ ਕਿ ਸਰਕਾਰ ਇਸ ਨੂੰ ਪਹਿਲ ਦੇ ਅਧਾਰ ‘ਤੇ ਲੈਣਾ ਚਾਹੀਦਾ ਹੈ ਤਾਂ ਜੋ ਦੇਸ਼ ਬਾਰੇ ਬਣ ਰਹੇ ਨਕਾਰਾਤਮਕ ਅਕਸ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਸੰਗਠਨ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਮਹਾਂਮਾਰੀ ਕਾਰਨ ਸੈਰ-ਸਪਾਟਾ ਉਦਯੋਗ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਜਲਦੀ ਹੀ ਇਹ ਉਦਯੋਗ ਭਾਰਤ ਵਿੱਚ ਆਪਣੇ ਆਪ ਨੂੰ ਫਿਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ। 23 ਅਗਸਤ ਨੂੰ ਜਾਰੀ ਕੀਤੀ ਗਈ ਇਸ ਟ੍ਰੈਵਲ ਐਡਵਾਈਜ਼ਰੀ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਸੀਰੀਆ, ਯਮਨ, ਈਰਾਨ ਅਤੇ ਇਰਾਕ ਵਰਗੇ ਹਿੰਸਾ ਪ੍ਰਭਾਵਿਤ ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੰਗਠਨ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਆਪਸੀ ਸਬੰਧ ਇੰਨੇ ਚੰਗੇ ਹੋਣ ਦੇ ਬਾਵਜੂਦ ਅਜਿਹੀ ਹਰਕਤ ਅਨੁਭਵਯੋਗ ਹੈ।
ਸੰਗਠਨ ਨੇ ਦੱਸਿਆ ਕਿ ਅਮਰੀਕੀ ਨਾਗਰਿਕ ਦੱਖਣੀ ਏਸ਼ੀਆ ਨਾਲੋਂ ਭਾਰਤ ਵਿੱਚ ਵਧੇਰੇ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ । ਅਮਰੀਕਾ ਤੋਂ ਆਉਣ ਵਾਲੇ ਸੈਲਾਨੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਲੰਬੇ ਸਮੇਂ ਲਈ ਭਾਰਤ ਵਿੱਚ ਰਹਿੰਦੇ ਹਨ। ਅਮਰੀਕੀ ਸੈਲਾਨੀ ਜਿੱਥੇ 29 ਦਿਨ ਤੱਕ ਰਹਿੰਦਾ ਹੈ, ਉੱਥੇ ਹੀ ਦੂਜੇ ਦੇਸ਼ਾਂ ਦੇ ਲੋਕ 22 ਦਿਨਾਂ ਤੱਕ ਰਹਿੰਦੇ ਹਨ। ਇਸ ਸਐਡਵਾਈਜ਼ਰੀ ਵਿੱਚ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਭਾਰਤ ਕੋਰੋਨਾ ਦੇ ਕੇਸ ਵਧਣ ‘ਤੇ ਏਅਰਪੋਰਟ ਅਤੇ ਦੇਸ਼ ਦੀ ਸਰਹੱਦ ਨੂੰ ਬੰਦ ਕਰ ਸਕਦਾ ਹੈ। ਇਸ ਲਈ ਫਿਲਹਾਲ ਉਥੇ ਜਾਣ ਤੋਂ ਬਚੋ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵਿਸ਼ੇਸ਼ ਤੌਰ ‘ਤੇ ਜੰਮੂ-ਕਸ਼ਮੀਰ ਅਤੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ।