US Australia looking at banning: ਵਾਸ਼ਿੰਗਟਨ: ਭਾਰਤ ਦੇ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਅਮਰੀਕਾ ਅਤੇ ਆਸਟ੍ਰੇਲੀਆ ਵੀ TikTok ਸਣੇ ਕਈ ਐਪਸ ਨੂੰ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਪਾਬੰਦੀ ਲਗਾਉਣ ਲਈ ਤਿਆਰ ਵਿੱਚ ਹਨ। ਆਸਟ੍ਰੇਲੀਆ ਵਿੱਚ ਜਿੱਥੇ ਸੰਸਦੀ ਕਮੇਟੀ ਜਲਦੀ ਹੀ ਇਸ ‘ਤੇ ਆਪਣੀ ਮੋਹਰ ਲਗਾ ਸਕਦੀ ਹੈ, ਉੱਥੇ ਹੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੇਪੀਓ ਨੇ ਵੀ ਕਿਹਾ ਹੈ ਕਿ ਸੁਰੱਖਿਆ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਚੀਨੀ ਐਪਸ ‘ਤੇ ਛੇਤੀ ਹੀ ਪਾਬੰਦੀ ਲਗਾਈ ਜਾ ਸਕਦੀ ਹੈ।
ਦਰਅਸਲ, ਭਾਰਤ ਨੇ ਸੁਰੱਖਿਆ ਕਾਰਨਾਂ ਦੇ ਚੱਲਦਿਆਂ TikTok, ਯੂਸੀ ਬਰਾਊਸਰ ਵਰਗੇ 59 ਐਪਸ ‘ਤੇ ਪਾਬੰਦੀ ਲਗਾਈ ਸੀ । ਹੁਣ ਆਸਟ੍ਰੇਲੀਆ ਅਤੇ ਅਮਰੀਕਾ ਵੀ ਰਾਸ਼ਟਰੀ ਸੁਰੱਖਿਆ ਅਤੇ ਉਪਭੋਗਤਾਵਾਂ ਦੇ ਡੇਟਾ ਦੀ ਸੁਰੱਖਿਆ ਦੇ ਮੱਦੇਨਜ਼ਰ ਟਿੱਕ ਟਾਕ ‘ਤੇ ਪਾਬੰਦੀ ਲਗਾ ਸਕਦੇ ਹਨ। ਦੱਸ ਦੇਈਏ ਕਿ ਆਸਟ੍ਰੇਲੀਆ ਵਿੱਚ 1.6 ਮਿਲੀਅਨ ਤੋਂ ਵੱਧ ਲੋਕ TikTok ਦੀ ਵਰਤੋਂ ਕਰਦੇ ਹਨ। ਆਸਟ੍ਰੇਲੀਆਈ ਸੀਨੇਟਰ ਜੈਨੀ ਮੈਕਲਿਸਟਰ ਨੇ ਕਿਹਾ ਕਿ TikTok ਕੰਪਨੀ ਦੇ ਅਧਿਕਾਰੀਆਂ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਉਸੇ ਸਮੇਂ, ਆਸਟ੍ਰੇਲੀਆਈ ਰਣਨੀਤਕ ਨੀਤੀ ਸੰਸਥਾ ਦੇ ਮਾਹਰ ਫਰਗਸ ਰਿਆਨ ਨੇ ਕਿਹਾ TikTok ਪੂਰੀ ਤਰ੍ਹਾਂ ਪ੍ਰਚਾਰ ਅਤੇ ਜਨਤਕ ਨਿਗਰਾਨੀ ਲਈ ਹੈ। ਇਸ ਵਿੱਚ ਚੀਨ ਦੇ ਵਿਰੁੱਧ ਦਿੱਤੇ ਵਿਚਾਰਾਂ ਨੂੰ ਸੈਂਸਰ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਲਿਬਰਲ ਸੰਸਦ ਮੈਂਬਰ ਅਤੇ ਇੰਟੈਲੀਜੈਂਸ ਅਤੇ ਸੁੱਰਖਿਆ ਕਮੇਟੀ ਦੇ ਚੇਅਰਮੈਨ ਐਂਡਰਿਊ ਹੈਸਟੀ ਨੇ ਫਰਵਰੀ ਵਿੱਚ ਦਾਅਵਾ ਕੀਤਾ ਸੀ ਕਿ ਇਹ ਐਪ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ । ਉਨ੍ਹਾਂ ਕਿਹਾ, ‘ਚੀਨ ਦੇ ਇੰਟੈਲੀਜੈਂਸ ਐਕਟ 2017 ਦੇ ਅਨੁਸਾਰ ਚੀਨੀ ਸਰਕਾਰ ਕੰਪਨੀਆਂ ਨੂੰ ਕਿਸੇ ਵੀ ਸਮੇਂ ਜਾਣਕਾਰੀ ਸਾਂਝੀ ਕਰਨ ਲਈ ਵੀ ਕਹਿ ਸਕਦੀ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਸੋਮਵਾਰ ਨੂੰ ਕਿਹਾ ਕਿ ਚੀਨ ਦੇ ਬਹੁਤ ਸਾਰੇ ਸੋਸ਼ਲ ਮੀਡੀਆ ਐਪਸ ਜਿਨ੍ਹਾਂ ਵਿੱਚ TikTok ਵੀ ਸ਼ਾਮਿਲ ਹੈ, ‘ਤੇ ਛੇਤੀ ਹੀ ਪਾਬੰਦੀ ਲਗਾਈ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਅਸੀਂ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ ਅਤੇ ਜਲਦ ਹੀ ਇਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ । ਪੋਂਪੇਓ ਨੇ ਕਿਹਾ ਕਿ ਭਾਰਤ ਦੀ ਤਰ੍ਹਾਂ ਅਮਰੀਕਾ ਨੂੰ ਵੀ ਚੀਨੀ ਐਪਸ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਇਸ ਦੀ ਸ਼ੁਰੂਆਤ TikTok ਨਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚੀਨੀ ਲੋਕਾਂ ਅਤੇ ਕੰਪਨੀਆਂ ਦਾ ਸਨਮਾਨ ਕਰਦੇ ਹਾਂ, ਪਰ ਰਾਸ਼ਟਰੀ ਸੁਰੱਖਿਆ ‘ਤੇ ਸਮਝੌਤਾ ਨਹੀਂ ਕਰ ਸਕਦੇ ।